ਮੋਦੀ ਕਾਲਜ ਵਿਖੇ ਵਿਸ਼ਵ ਰੰਗਮੰਚ ਦਿਹਾੜੇ ਨੂੰ ਸਮਰਪਿਤ ਸਮਾਗਮ
ਮੋਦੀ ਕਾਲਜ ਵਿਖੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਅਤੇ ਵਿਸ਼ਵ ਰੰਗਮੰਚ ਦਿਹਾੜੇ ਨੂੰ ਸਮਰਪਿਤ ਸਮਾਗਮ ਆਯੋਜਿਤ
Publish Date: Wed, 18 Mar 2026 04:43 PM (IST)
Updated Date: Wed, 18 Mar 2026 04:46 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਗਠਿਤ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਅਤੇ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਕਾਲਜ ਦੇ ਵਿਦਿਆਰਥੀਆਂ ’ਚ ਸਾਹਿਤਕ ਰੁਚੀਆਂ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ 18 ਮਾਰਚ ਨੂੰ ਸਾਹਿਤਕ ਗੋਸ਼ਟੀ ਤੇ ਨਾਟਕ ਸਾਇਆ ਦਾ ਮੰਚਨ ਕੀਤਾ ਗਿਆ। ਇਸ ਸਾਹਿਤਕ ਗੋਸ਼ਟੀ ਵਿੱਚ ਪੰਜਾਬੀ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਸਾਹਿਤ ਅਤੇ ਕਲਾ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਾਹਮਣੇ ਰੱਖ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਇਹ ਦਿਹਾੜੇ ਸਿਰਫ਼ ਮਨਾਉਣ ਜਾਂ ਯਾਦ ਕਰਨ ਤੱਕ ਸੀਮਿਤ ਨਹੀਂ ਰੱਖਣੇ ਚਾਹੀਦੇ ਸਗੋਂ ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਬਿਹਤਰ ਸਮਾਜ ਦੀ ਸਿਰਜਣਾ ਕਰਦੇ ਹੋਏ ਕੁਰੀਤੀਆਂ ਤੋਂ ਦੂਰ ਰਹੀਏ। ਸਾਹਿਤ ਸਭਾ ਵਲੋਂ ਸ਼ਾਮਿਲ ਹੋਏ ਸਮੂਹ ਵਿਦਿਆਰਥੀਆਂ ਨੂੰ ਸੰਬੋਧਤ ਹੁੰਦਿਆਂ ਉਨ੍ਹਾਂ ਦੱਸਿਆ ਕਿ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਸਮਾਜ ਦੇ ਬਦਲਾਵਾਂ ਨਾਲ ਸਾਹਿਤ ਵਿਚ ਅਤੇ ਸਾਹਿਤ ਦੇ ਵਿਸ਼ਿਆਂ ਵਿੱਚ ਬਦਲਾਅ ਆਉਣਾ ਯਕੀਨੀ ਹੈ। ਉਨ੍ਹਾਂ ਨੇ ਵਿਭਿੰਨ ਪੇਸ਼ਕਾਰੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਪੰਜਾਬੀ ਵਿਭਾਗ ਤੋਂ ਥੀਏਟਰ ਦੇ ਇੰਚਾਰਜ ਡਾ. ਦਵਿੰਦਰ ਸਿੰਘ ਦੀ ਅਗਵਾਈ ਵਿਚ ਪ੍ਰੋ. ਕਪਿਲ ਸ਼ਰਮਾ ਅਤੇ ਪ੍ਰੋ. ਗੁਰਵਿੰਦਰ ਸਿੰਘ ਵਲੋਂ ਆਪਣਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਨਾਟਕ ਸਾਇਆ ਖੇਡਿਆ ਗਿਆ। ਨਾਟਕ ਦਾ ਥੀਮ ਮਨੁੱਖ ਅੰਦਰ ਛਿਪੀ ਚੰਗਿਆਈ ਅਤੇ ਬੁਰਾਈ ਵਿਚ ਮਨੁੱਖ ਦੇ ਵੱਖ-ਵੱਖ ਕਿਰਦਾਰਾਂ ਉਤੇ ਅਧਾਰਿਤ ਸੀ। ਸਮਾਗਮ ’ਚ ਕਾਲਜ ਦੇ ਵੱਖੋ-ਵੱਖ ਵਿਭਾਗਾਂ ਤੋਂ ਆਏ ਵਿਦਿਆਰਥੀਆਂ ਨੇ ਆਪਣੀਆਂ ਜਾਂ ਪ੍ਰਚੱਲਿਤ ਸਾਹਿਤਕ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਇਸ ਵਿੱਚ ਵਿਦਿਆਰਥੀ ਮੁਕੇਸ਼ ਕੁਮਾਰ, ਰੁਬਨਦੀਪ ਕੌਰ, ਗੁਰਜੰਟ ਸਿੰਘ, ਸਰਵਣ ਸਿੰਘ, ਤਨੂ ਸ਼ਰਮਾ, ਹਰਪ੍ਰੀਤ ਕੌਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੰਚ ਸੰਚਾਲਨ ਦਾ ਕਾਰਜ ਸਾਹਿਤ ਸਭਾ ਦੇ ਇੰਚਾਰਜ ਡਾ. ਦੀਪਕ ਕੁਮਾਰ ਨੇ ਬਾਖੂਬੀ ਨਿਭਾਇਆ ਅਤੇ ਸਮੁੱਚੀਆਂ ਰਚਨਾਵਾਂ ਉੱਪਰ ਆਪਣਾ ਪ੍ਰਤੀਕਰਮ ਦਿੰਦਿਆਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਅਗਲੇਰੀਆਂ ਰਚਨਾਵਾਂ ਦੀ ਸਿਰਜਣਾ ਲਈ ਉਸਾਰੂ ਸੁਝਾਅ ਦਿੱਤੇ।