ਸਮਾਣਾ-ਚੀਕਾ-ਰਾਮਨਗਰ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ
ਐਮ.ਐਲ.ਏ. ਜੌੜਾਮਾਜਰਾ ਨੇ ਸਮਾਣਾ-ਚੀਕਾ-ਰਾਮਨਗਰ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ
Publish Date: Wed, 18 Feb 2026 05:22 PM (IST)
Updated Date: Wed, 18 Feb 2026 05:24 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮਾਣਾ ਹਲਕੇ ਦੀਆਂ ਸਾਰੀਆਂ ਸੜਕਾਂ ਦੇ ਨਵੀਨੀਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਮਾਣਾ ਹਲਕੇ ਵੱਲ ਧਿਆਨ ਨਾ ਦੇਣ ਕਰਕੇ ਪਿੰਡਾਂ ਤੇ ਸ਼ਹਿਰਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਗਿਆ ਸੀ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਕਦਮੀ ਸਦਕਾ ਇਹ ਪਹਿਲੀ ਵਾਰ ਹੋਇਆ ਹੈ ਕਿ ਇਹ ਸੜਕਾਂ ਹੁਣ ਬਣਨ ਸਾਰ ਨਹੀਂ ਟੁੱਟਣਗੀਆਂ ਸਗੋਂ ਪੰਜ ਸਾਲ ਤੱਕ ਇਨ੍ਹਾਂ ਦੀ ਮੁਰੰਮਤ ਲਈ ਸਬੰਧਤ ਠੇਕੇਦਾਰ ਦੀ ਜ਼ਿੰਮੇਵਾਰੀ ਹੋਵੇਗੀ। ਵਿਧਾਇਕ ਜੌੜਾਮਾਜਰਾ ਲੋਕ ਨਿਰਮਾਣ ਵਿਭਾਗ ਵੱਲੋਂ 8.68 ਕਰੋੜ ਰੁਪਏ ਦੀ ਲਾਗਤ ਨਾਲ 9.42 ਕਿਲੋਮੀਟਰ ਸਮਾਣਾ ਤੋਂ ਚੀਕਾ-ਰਾਮ ਨਗਰ ਸੜਕ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਕਰਵਾ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਆਲੇ ਦੁਆਲੇ ਇੰਟਰਲਾਕਿੰਗ ਟਾਈਲਾਂ ਲਗਾਕੇ ਇਸ ਨੂੰ ਚੌੜਾ ਵੀ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਉਨ੍ਹਾਂ ਨੇ ਭਾਖੜਾ ਨਹਿਰ ਦੇ ਨਾਲ ਜਾਂਦੀ 1.69 ਕਿਲੋਮੀਟਰ ਸੜਕ ਦਾ 72.40 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਦਾ ਕੰਮ ਵੀ ਸ਼ੁਰੂ ਕਰਵਾਇਆ। ਉਨ੍ਹਾਂ ਨੇ ਸਮਾਣਾ ਸ਼ਹਿਰ ਵਿਖੇ ਵੀ ਨਗਰ ਕੌਂਸਲ ਵੱਲੋਂ ਟੀ-ਪੁਆਇੰਟ ਤੋਂ ਪੰਜ ਪੀਰਾਂ ਤੱਕ 1.20 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਦਾ ਕੰਮ ਕਰਵਾਇਆ ਜਾਵੇਗਾ। ਚੇਤਨ ਸਿੰਘ ਜੌੜਾਮਾਜਰਾ ਨੇ ਹੋਰ ਦੱਸਿਆ ਕਿ ਪਸਿਆਣਾ-ਮੂਨਕ ਸੜਕ ਤੇ ਵੀ 20 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਜਦਕਿ ਇਸ ਤੋਂ ਪਹਿਲਾਂ ਹੀ 100 ਦਿਹਾਤੀ ਲਿੰਕ ਸੜਕਾਂ ਨੂੰ ਮੁੜ ਬਣਾਉਣ ਅਤੇ ਮੁਰੰਮਤ ਲਈ ਭੇਜੇ ਗਏ 32.17 ਕਰੋੜ ਰੁਪਏ ਨਾਲ ਸਾਰੀਆਂ ਸੜਕਾਂ ਦੇ ਨਿਰਮਾਣ ਕਾਰਜ ਜੰਗੀ ਪੱਧਰ ਤੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹਲਕੇ ਦਾ ਚਹੁੰਤਰਫ਼ਾ ਵਿਕਾਸ ਕਰਵਾਉਣਾ ਉਨ੍ਹਾਂ ਦੀ ਮੁਢਲੀ ਤਰਜੀਹ ਹੈ, ਜਿਸ ਲਈ ਹਰ ਪਿੰਡ ਦੀ ਸੜਕ ਬਣਵਾਈ ਜਾ ਰਹੀ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ, ਹਰਜਿੰਦਰ ਸਿੰਘ ਮਿੰਟੂ, ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ ਸਮੇਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਪਾਰਸ ਸ਼ਰਮਾ, ਅਮਿਤ ਧਾਲੀਵਾਲ, ਰਵੀ ਰੰਧਾਵਾ, ਗੋਪਾਲ ਕ੍ਰਿਸ਼ਨ ਬਿੱਟੂ, ਤੁਰਣ ਗਰਗ, ਸੰਜੇ ਸਿੰਗਲਾ, ਰਵਿੰਦਰ ਸੋਹਲ, ਰਾਹੁਲ ਗੁਪਤਾ, ਅਮਰਦੀਪ ਸਿੰਘ ਸੋਨੂ, ਹਰਦੀਪ ਚੀਮਾ, ਸੁਰਜਨ ਚੱਠਾ, ਜਸਵੀਰ ਸਿੰਘ, ਰਾਜੂ ਛਾਹੜ ਤੇ ਹੋਰ ਪਿੰਡਾਂ ਦੇ ਮੋਹਤਬਰ ਮੌਜੂਦ ਸਨ।