ਭਰਾਜ ਨੇ 8.27 ਕਰੋੜ ਦੇ ਸੜਕ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ
ਵਿਧਾਇਕ ਭਰਾਜ ਨੇ 8.27 ਕਰੋੜ ਰੁਪਏ ਦੇ ਸੜਕ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ
Publish Date: Fri, 13 Mar 2026 06:07 PM (IST)
Updated Date: Sat, 14 Mar 2026 04:10 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ ਵਿਧਾਨ ਸਭਾ ਹਲਕਾ ਸੰਗਰੂਰ ਵਿੱਚ ਕਰੀਬ 8.27 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਸੜਕ ਪ੍ਰੋਜੈਕਟਾਂ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਨ੍ਹਾਂ ਵਿਕਾਸ ਕਾਰਜਾਂ ਤਹਿਤ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਵੱਖ-ਵੱਖ ਸੜਕਾਂ ਦੀ ਨਵੀਂ ਉਸਾਰੀ ਅਤੇ ਨਵੀਨੀਕਰਨ ਦੇ ਨੀਂਹ ਪੱਥਰ ਰੱਖੇ ਗਏ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਹਲਕੇ ਦੇ ਲੋਕਾਂ ਨੂੰ ਸੁਚੱਜੀਆਂ ਅਤੇ ਮਜ਼ਬੂਤ ਸੜਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਹ ਪ੍ਰੋਜੈਕਟ ਬਹੁਤ ਲਾਭਕਾਰੀ ਸਾਬਤ ਹੋਣਗੇ। ਇਨ੍ਹਾਂ ਸੜਕਾਂ ਦੇ ਬਣਨ ਨਾਲ ਲੋਕਾਂ ਦੀ ਆਵਾਜਾਈ ਹੋਰ ਵੀ ਵਧੀਆ ਹੋਵੇਗੀ ਅਤੇ ਖੇਤੀਬਾੜੀ, ਵਪਾਰ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਵੀ ਵੱਡਾ ਫਾਇਦਾ ਮਿਲੇਗਾ। ਉਨ੍ਹਾਂ ਦੱਸਿਆ ਕਿ 1.69 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਕਲੌਦੀ ਦੀਆਂ ਅੰਦਰੂਨੀ ਸੜਕਾਂ ਜਿਵੇਂ ਕਿ ਸਰਕਾਰੀ ਸਕੂਲ ਰੋਡ, ਰਾਮ ਤਲਾਈ ਰੋਡ, ਧਾਰਵੀਆਂ ਰੋਡ ਅਤੇ ਸਟੇਡੀਅਮ ਰੋਡ ਤੋਂ ਜੋਤੀਸਰ ਗੁਰਦੁਆਰਾ ਸਾਹਿਬ ਤਕ 3.55 ਕਿਲੋਮੀਟਰ ਸੜਕ ਦੀ ਨਵੀਂ ਉਸਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ 2.42 ਕਰੋੜ ਰੁਪਏ ਦੀ ਲਾਗਤ ਨਾਲ ਸੰਗਰੂਰ ਸ਼ਹਿਰ ਵਿੱਚ ਫੁਹਾਰਾ ਚੌਕ ਤੋਂ ਐਨਐੱਚ.-07 ਤਕ 2.10 ਕਿਲੋਮੀਟਰ ਸੜਕ (ਸੋਹੀਆਂ ਰੋਡ) ਦੇ ਨਵੀਨੀਕਰਨ ਦਾ ਕੰਮ ਕੀਤਾ ਜਾਵੇਗਾ। ਇਸੇ ਤਰ੍ਹਾਂ 1.10 ਕਰੋੜ ਰੁਪਏ ਦੀ ਲਾਗਤ ਨਾਲ ਹਰੀਪੁਰਾ ਬਸਤੀ ਤੋਂ ਪਿੰਡ ਗੁਰਦਾਸਪੁਰਾ ਤੱਕ 1.40 ਕਿਲੋਮੀਟਰ ਸੜਕ ਨੂੰ ਚੌੜਾ ਕਰਨ ਅਤੇ ਨਵੀਨੀਕਰਨ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ 2.42 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਅਕੋਈ ਸਾਹਿਬ ਤੋਂ ਬੰਗਾਵਾਲੀ ਸਮੇਤ ਪਿੰਡ ਅਕੋਈ ਸਾਹਿਬ ਦੀ ਫਿਰਨੀ ਤਕ 4.80 ਕਿਲੋਮੀਟਰ ਸੜਕ ਦੀ ਨਵੀਂ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 66.55 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਭਗਵਾਨਪੁਰਾ ਵਿਖੇ ਸਮਸ਼ਾਨਘਾਟ ਤੋਂ ਬਾਲੀਆ ਲਿੰਕ ਰੋਡ ਤੱਕ 1.25 ਕਿਲੋਮੀਟਰ ਸੜਕ ਦੀ ਨਵੀਂ ਉਸਾਰੀ ਦਾ ਕੰਮ ਵੀ ਕੀਤਾ ਜਾਵੇਗਾ, ਜਿਸ ਨਾਲ ਇਲਾਕੇ ਦੇ ਵਸਨੀਕਾਂ ਨੂੰ ਵੱਡੀ ਸਹੂਲਤ ਮਿਲੇਗੀ।