ਤੀਰਥ ਯਾਤਰਾ ਯੋਜਨਾ ਨੂੰ ਲੋਕਾਂ ਦਾ ਭਰਪੂਰ ਸਹਿਯੋਗ : ਵਿਧਾਇਕ ਕੋਹਲੀ
ਤੀਰਥ ਯਾਤਰਾ ਯੋਜਨਾ ਨੂੰ ਲੋਕਾਂ ਦਾ ਭਰਪੂਰ ਸਹਿਯੋਗ: ਵਿਧਾਇਕ ਕੋਹਲੀ
Publish Date: Sat, 28 Feb 2026 05:16 PM (IST)
Updated Date: Sat, 28 Feb 2026 05:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਸ਼ਰਧਾਲੂਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਾਰਡ ਨੰਬਰ 60 ਪ੍ਰਤਾਪ ਨਗਰ ਤੋਂ ਸ਼ਰਧਾਲੂਆਂ ਦੇ ਜੱਥੇ ਦੀ ਬੱਸ ਨੂੰ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕਰਨ ਮੌਕੇ ਕੀਤਾ। ਇਸ ਮੌਕੇ ਵਿਧਾਇਕ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਨੂੰ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਇਸ ਯੋਜਨਾ ਦਾ ਮਕਸਦ ਆਮ ਲੋਕਾਂ ਨੂੰ ਬਿਨਾਂ ਕਿਸੇ ਆਰਥਿਕ ਬੋਝ ਦੇ ਧਾਰਮਿਕ ਯਾਤਰਾ ਦਾ ਸੁਭਾਗ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਇਨ੍ਹਾਂ ਧਾਰਮਿਕ ਯਾਤਰਾਵਾਂ ਪ੍ਰਤੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਰਿਹਾਇਸ਼, ਖਾਣੇ ਦੇ ਨਾਲ ਹਰ ਲੁੜੀਂਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਇਸ ਯਾਤਰਾ ਦੌਰਾਨ ਸ਼ਰਧਾਲੂ ਦਰਬਾਰ ਸਾਹਿਬ ਅੰਮ੍ਰਿਤਸਰ, ਦੁਰਗਿਆਣਾ ਮੰਦਰ ਆਦਿ ਦੇ ਦਰਸ਼ਨ ਕਰਨਗੇ। ਇਸ ਮੌਕੇ ਵਾਰਡ ਨੰਬਰ 60 ਰੁਪਿੰਦਰ ਸਿੰਘ ਕੋਚ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ।