ਵਿਧਾਇਕ ਕੋਹਲੀ ਵੱਲੋਂ ਚਾਰ ਕਲਾਸਰੂਮ ਦਾ ਉਦਘਾਟਨ
ਵਿਧਾਇਕ ਕੋਹਲੀ ਵੱਲੋਂ ਚਾਰ ਕਲਾਸਰੂਮ ਦਾ ਉਦਘਾਟਨ
Publish Date: Tue, 21 Apr 2026 05:30 PM (IST)
Updated Date: Tue, 21 Apr 2026 05:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਕੂਲਾਂ ’ਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਜਿਸ ਦੇ ਤਹਿਤ ਹੀ ਬਲਾਕ ਪਟਿਆਲਾ-2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾਰੂ ਕੁਟੀਆ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਰਾਈ ਮਾਜਰਾ ਵਿਖੇ ਬਣਾਏ ਗਏ ਚਾਰ ਨਵੇਂ ਕਲਾਸ ਰੂਮ ਦਾ ਉਦਘਾਟਨ ਕਰਨ ਲਈ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਪਟਿਆਲਾ (ਸ਼ਹਿਰੀ) ਤੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਸ਼ਿਰਕਤ ਕੀਤੀ। ਵਿਧਾਇਕ ਕੋਹਲੀ ਦੇ ਸਕੂਲ ਵਿੱਚ ਪਹੁੰਚਣ 'ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ. ਸਿੱ.) ਸ਼ਾਲੂ ਮਹਿਰਾ ਅਤੇ ਬੀਪੀਈਓ ਪ੍ਰਿਥੀ ਸਿੰਘ ਵੱਲੋਂ ਫੁੱਲਾ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਨੂੰ ਆਖਿਆ ਗਿਆ। ਉਦਘਾਟਨੀ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਨਾਰਾ ਦੇ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਸਕੂਲਾਂ ਦੀ ਦਸ਼ਾ ਨੂੰ ਸੁਧਾਰਨ ਵਿੱਚ ਲਗਾਤਾਰ ਲੱਗੀ ਹੋਈ ਹੈ। ਵਿਧਾਇਕ ਕੋਹਲੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਲੋਕਾਂ ਦਾ ਸਰਕਾਰੀ ਸਕੂਲਾਂ ਤੋਂ ਭਰੋਸਾ ਬਿਲਕੁਲ ਹੀ ਖਤਮ ਹੋ ਚੁੱਕਿਆ ਸੀ ਜਿਸ ਨੂੰ ਦੁਬਾਰਾ ਬਣਾਉਣ ਵਿਚ ਪੰਜਾਬ ਸਰਕਾਰ ਕਾਮਯਾਬ ਹੋਈ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਸਰਕਾਰੀ ਸਕੂਲਾਂ ਵਿਚ ਐਲਈਡੀ ਪੈਨਲ ਤੱਕ ਲੱਗ ਚੁੱਕੇ ਹਨ, ਜਿਨਾਂ ਦੀ ਮਦਦ ਨਾਲ ਵਿਦਿਆਰਥੀ ਹਰ ਇੱਕ ਔਖੇ ਤੋਂ ਔਖੇ ਵਿਸ਼ੇ ਬਾਰੇ ਜਾਣਕਾਰੀ ਬਹੁਤ ਹੀ ਸਰਲ ਅਤੇ ਸੌਖੀ ਭਾਸ਼ਾ ਵਿਚ ਹਾਸਲ ਕਰ ਰਹੇ ਹਨ।
ਵਿਧਾਇਕ ਕੋਹਲੀ ਨੇ ਅੱਗੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡੀਈਓ ਸ਼ਾਲੂ ਮਹਿਰਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਦਾਖਲਿਆਂ ਦਾ ਦੌਰ ਜਾਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਦੀ ਅਪੀਲ ਕੀਤੀ ਹੈ। ਬੀਪੀਈਓ ਪ੍ਰਿਥੀ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲ ਕਿਸੇ ਵੀ ਪੱਖ ਤੋਂ ਪੜ੍ਹਾਈ ਵਿਚ ਪਿੱਛੇ ਨਹੀਂ ਹਨ। ਇਸ ਮੌਕੇ ਵਾਰਡ ਨੰਬਰ 36 ਦੇ ਕੌਂਸਲਰ ਰੀਨੂੰ ਬਾਲਾ, ਵਾਰਡ ਨੰਬਰ 37 ਦੇ ਕੌਂਸਲਰ ਹਰਪ੍ਰੀਤ ਸਿੰਘ, ਆਪ ਆਗੂ ਰਿੱਕੀ ਸੂਲਰ, ਵਿਧਾਇਕ ਕੋਹਲੀ ਦੇ ਓਐਸਡੀ ਹਰਸ਼ਪਾਲ ਸਿੰਘ, ਸਮਾਰਟ ਸਕੂਲ ਕੋਆਰਡੀਨੇਟਰ ਲਖਵਿੰਦਰ ਸਿੰਘ ਕੌਲੀ, ਸੀਐਚਟੀ ਘਾਸ ਮੰਡੀ ਅਮਨਦੀਪ ਕੌਰ, ਸੀਐਚਟੀ ਪੂਰਨ ਸਿੰਘ, ਬਲਾਕ ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ, ਦਾਰੂ ਕੁਟੀਆ ਸਕੂਲ ਦੇ ਇੰਚਾਰਜ ਸਰਬਜੀਤ ਕੌਰ, ਭੁਪਿੰਦਰ ਕੌਰ, ਚਰਨਜੀਤ ਸਿੰਘ ਅਤੇ ਅਰਾਈ ਮਾਜਰਾ ਸਕੂਲ ਦੇ ਮੁੱਖ ਅਧਿਆਪਕਾ ਕਮਲਦੀਪ ਕੌਰ, ਰੋਹਿਤ ਕੌਸ਼ਲ ਅਤੇ ਵਿਸ਼ਾਲ ਗੋਇਲ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ।