ਵਿਸ਼ਵ ਖੂਨਦਾਨੀ ਦਿਵਸ ਮੌਕੇ 11 ਸਟਾਰ ਖੂਨਦਾਨੀਆਂ ਦਾ ਸਨਮਾਨ
ਵਿਸ਼ਵ ਖੂਨਦਾਨੀ ਦਿਵਸ ਮੌਕੇ 11 ਸਟਾਰ ਖੂਨਦਾਨੀਆਂ ਦਾ ਸਨਮਾਨ
Publish Date: Thu, 11 Jun 2026 06:53 PM (IST)
Updated Date: Fri, 12 Jun 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵਿਸ਼ਵ ਖੂਨਦਾਨੀ ਦਿਵਸ 14 ਜੂਨ ਨੂੰ ਸਮਰਪਿਤ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਸੈਂਟਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਿਯਮਿਤ ਤੌਰ ਤੇ ਖੂਨਦਾਨ ਕਰਨ ਵਾਲੇ 11 ਸਟਾਰ ਖੂਨਦਾਨੀਆਂ ਨੂੰ ਐਵਾਰਡ ਅਤੇ ਗਮਛੇ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਮਿਸ਼ਨ ਦੇ ਮੋਢੀ ਹਰਦੀਪ ਸਿੰਘ ਸਨੌਰ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਖੂਨ ਦੇ ਗਰੁੱਪਾਂ ਦੀ ਖੋਜ ਕਰਨ ਵਾਲੇ ਨੋਬਲ ਪੁਰਸਕਾਰ ਜੇਤੂ ਵਿਗਿਆਨੀ ਕਾਰਲ ਲੈਂਡਸਟਾਈਨਰ ਦੀ ਯਾਦ ਵਿੱਚ ਹਰ ਸਾਲ 14 ਜੂਨ ਨੂੰ ਵਿਸ਼ਵ ਖੂਨਦਾਨੀ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਸਾਲ ਕਰੀਬ ਚਾਰ ਲੱਖ ਯੂਨਿਟ ਖੂਨ ਦੀ ਲੋੜ ਪੈਂਦੀ ਹੈ, ਜਿਸ ਦੀ ਪੂਰਤੀ ਲਈ ਹਜ਼ਾਰਾਂ ਸਵੈ-ਇੱਛੁਕ ਖੂਨਦਾਨੀ ਅਹਿਮ ਯੋਗਦਾਨ ਪਾਉਂਦੇ ਹਨ। ਸਨਮਾਨਿਤ ਕੀਤੇ ਗਏ ਖੂਨਦਾਨੀਆਂ ਵਿੱਚ 33 ਵਾਰ ਖੂਨਦਾਨ ਕਰਨ ਵਾਲੇ ਗੁਰਤੇਜ ਸਿੰਘ ਸਿਉਣਾ ਨੂੰ 3 ਸਟਾਰ ਬਲੱਡ ਡੋਨਰ ਐਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ 20 ਵਾਰ ਖੂਨਦਾਨ ਕਰਨ ਵਾਲੇ ਯੋਗੇਸ਼ ਕੁਮਾਰ ਬਲਬੇੜਾ, ਪਵਨ ਕੁਮਾਰ ਸ਼ਰਮਾ, ਤੀਰਥਇੰਦਰ ਸਿੰਘ ਵਿਰਕ ਮਛਰਾਏ ਕਲਾਂ ਅਤੇ ਗੁਰਦਾਸ ਸਿੰਘ ਸਿਉਣਾ ਨੂੰ 2 ਸਟਾਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 10 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ ਲੱਕੀ ਸਿੰਘ ਸਿੰਗਰ, ਪਿਆਰਾ ਸਿੰਘ ਬਿਸ਼ਨਗੜ੍ਹ, ਗੁਰਪ੍ਰੀਤ ਸਿੰਘ ਪਟਿਆਲਾ, ਜਸਵਿੰਦਰ ਸਿੰਘ ਭਾਨਰਾ, ਇੰਦਰਜੀਤ ਸਿੰਘ ਤਫੱਜਲਪੁਰਾ ਤੇ ਸੁਦਰਸ਼ਨ ਕੁਮਾਰ ਮੰਡੀ ਗੋਬਿੰਦਗੜ੍ਹ ਨੂੰ 1 ਸਟਾਰ ਬਲੱਡ ਡੋਨਰ ਐਵਾਰਡ ਪ੍ਰਦਾਨ ਕੀਤੇ ਗਏ। ਹਰਦੀਪ ਸਿੰਘ ਸਨੌਰ ਨੇ ਪੰਜਾਬ ਸਰਕਾਰ ਤੋਂ ਖੂਨਦਾਨੀਆਂ ਦੀ ਭਲਾਈ ਲਈ ਵੈਲਫੇਅਰ ਬੋਰਡ ਦੇ ਗਠਨ ਦੀ ਮੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਸ਼ਵ ਖੂਨਦਾਨੀ ਦਿਵਸ ਮੌਕੇ ਇਸ ਬਾਰੇ ਐਲਾਨ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਸਮਾਜ ਸੇਵਾ ਵੱਲ ਪ੍ਰੇਰਿਤ ਕਰਨ ਦੇ ਨਾਲ-ਨਾਲ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਵੀ ਮਦਦ ਮਿਲੇਗੀ। ਇਸ ਮੌਕੇ ਸਾਬਕਾ ਡੀ.ਐਸ.ਪੀ. ਨਾਹਰ ਸਿੰਘ ਮਾਜਰੀ, ਜਗਸੀਰ ਸਿੰਘ ਬੌੜਾਂ ਕਲਾਂ, ਪਰਮਜੀਤ ਸਿੰਘ ਅਗਰਵਾਲ, ਹਰਮੀਤ ਸਿੰਘ ਬਡੂੰਗਰ, ਸੁਖਦੀਪ ਸਿੰਘ ਸੋਹਲ, ਲਖਪਤ ਸਿੰਘ, ਹਰਮਿੰਦਰ ਸਿੰਘ ਢੀਂਡਸਾ, ਭਾਈ ਜਰਨੈਲ ਸਿੰਘ ਝੰਡੀ, ਲਖਵਿੰਦਰ ਸਿੰਘ ਬਡਲਾ ਅਤੇ ਗੁਰਮੀਤ ਸਿੰਘ ਡੀਲਵਾਲ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।