ਪ੍ਰੇਮ ਸਬੰਧਾਂ ਦਾ ਮਾਮਲਾ, ਨਾਬਾਲਿਗ ਕੁੜੀ ਨੇ ਕੀਤੀ ਖੁਦਕੁਸ਼ੀ
ਪ੍ਰੇਮ ਸਬੰਧਾਂ ਦਾ ਮਾਮਲਾ , ਨਾਬਾਲਿਗ ਕੁੜੀ ਨੇ ਕੀਤੀ ਖੁਦਕੁਸ਼ੀ
Publish Date: Sat, 14 Mar 2026 04:34 PM (IST)
Updated Date: Sun, 15 Mar 2026 04:01 AM (IST)

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਘਾਸੀਵਾਲਾ ਵਿਖੇ ਇਕ ਨਾਬਾਲਿਗ ਪ੍ਰਵਾਸੀ ਕੁੜੀ ਨੇ ਘਰ ਵਿਚ ਹੀ ਗਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਸਰਪੰਚ ਪ੍ਰੀਤਮ ਸਿੰਘ ਨੇ ਦੱਸਿਆ ਕਿ ਇਕ 16 ਕੁ ਵਰ੍ਹਿਆਂ ਦੀ ਇਕ ਪ੍ਰਵਾਸੀ ਲੜਕੀ ਆਪ੍ਰੇਸ਼ਨ ਦੌਰਾਨ ਆਪਣੀ ਭੈਣ ਦੀ ਸਾਂਭ-ਸੰਭਾਲ ਲਈ ਬਿਹਾਰ ਤੋਂ ਘਾਸੀਵਾਲਾ ਆਈ ਹੋਈ ਸੀ। ਬਿਹਾਰ ਨਿਵਾਸੀ ਲੜਕੀ ਦੇ ਆਪਣੇ ਚਚੇਰੇ ਭਰਾ ਦੇ ਸਾਲੇ ਨਾਲ ਪ੍ਰੇਮ ਸਬੰਧ ਸਨ ਅਤੇ ਦੋਵੇਂ ਆਪਸ ਵਿਚ ਜਲਦ ਨਿਕਾਹ ਕਰਵਾਉਣਾ ਚਾਹੁੰਦੇ ਸਨ ਪਰ ਲੜਕੀ ਦਾ ਪਰਿਵਾਰ ਆਰਥਿਕ ਤੰਗੀ ਕਾਰਨ ਜਲਦ ਨਿਕਾਹ ਕਰਨ ਤੋਂ ਅਸਮਰੱਥ ਸੀ। ਪਰਿਵਾਰ ਵੱਲੋਂ ਕੁਝ ਸਮਾਂ ਲੰਘਾਉਣ ਦੇ ਮੰਤਵ ਨਾਲ ਹੀ ਲੜਕੀ ਨੂੰ ਆਨੇ ਬਹਾਨੇ ਉਸਦੀ ਭੈਣ ਕੋਲ ਪੰਜਾਬ ਭੇਜ ਦਿੱਤਾ ਗਿਆ। ਦੂਜੇ ਪਾਸੇ ਲੜਕੀ ਦੇ ਪ੍ਰੇਮੀ ਵੱਲੋਂ ਲੜਕੀ ’ਤੇ ਦਬਾਅ ਬਣਾਉਣ ਦੇ ਮੰਤਵ ਨਾਲ ਆਪਣੀ ਬਾਂਹ ’ਤੇ ਬਲੇਡ ਮਾਰਕੇ ਉਸ ਨੂੰ ਵੀਡੀਓ ਭੇਜ ਦਿੱਤੀ ਤੇ ਕਿਹਾ ਕਿ ਮੈਂ ਤਾਂ ਜੋ ਕਰਨਾ ਸੀ ਕਰ ਲਿਆ ਹੁਣ ਤੂੰ ਸੋਚ ਕੀ ਕਰਨਾ ਹੈ। ਇਸੇ ਗੱਲ ਨੂੰ ਲੈ ਕੇ ਲੜਕੀ ਨੇ ਆਪਣੀ ਭੈਣ ਨੂੰ ਬਹਾਨੇ ਨਾਲ ਪਿੰਡ ’ਚ ਹੀ ਦੁਕਾਨ ਤੋਂ ਚਾਵਲ ਲੈਣ ਭੇਜ ਦਿੱਤਾ। ਆਪ ਘਰ ਵਿਚ ਹੀ ਅੰਦਰੋਂ ਦਰਵਾਜਾ ਬੰਦ ਕਰ ਕੇ ਗਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੁਨਾਮ ਸਿਵਲ ਹਸਪਤਾਲ ’ਚ ਪੁਲਿਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਨੇਕ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜ੍ਹਤਾਲ ਕੀਤੀ ਜਾ ਰਹੀ ਹੈ ਅਤੇ ਪੜ੍ਹਤਾਲ ਦੌਰਾਨ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।