ਪੰਜਾਬ ’ਚੋਂ ਦੂਜੇ ਸਥਾਨ ’ਤੇ ਰਹਿਣ ਵਾਲੀ ਜਪਨੀਤ ਕੌਰ ਦਾ ਮੰਤਰੀ ਗੋਇਲ ਵੱਲੋਂ ਸਨਮਾਨ
ਪੰਜਾਬ ’ਚੋਂ ਦੂਜੇ ਸਥਾਨ ਤੇ ਰਹਿਣ ਵਾਲੀ ਜਪਨੀਤ ਕੌਰ ਦਾ ਮੰਤਰੀ ਗੋਇਲ ਨੇ ਕੀਤਾ ਸਨਮਾਨ
Publish Date: Sun, 12 Apr 2026 04:02 PM (IST)
Updated Date: Mon, 13 Apr 2026 04:01 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸਿੱਖਿਆ ਤੇ ਸਿਹਤ ਸਹੂਲਤਾਂ ਵਿਚ ਪੰਜਾਬ ਮੋਹਰੀ ਸੂਬਾ ਬਣ ਚੁੱਕਿਆ ਹੈ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾ ਰਹੇ ਹਨ। ਇਹ ਵਿਚਾਰ ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਦੇ ਨਤੀਜਿਆਂ ਵਿੱਚ ਇਥੋਂ ਅਤੀ ਨੇੜਲੇ ਪਿੰਡ ਸਰਕਾਰੀ ਮਿਡਲ ਸਕੂਲ ਅੜਕਵਾਸ ਦੀ ਵਿਦਿਆਰਥਣ ਜਪਨੀਤ ਕੌਰ ਪੁੱਤਰੀ ਕੁਲਦੀਪ ਸਿੰਘ ਜਿਸ ਨੇ 600 ਵਿੱਚੋਂ 598 ਅੰਕ ਲੈ ਕੇ ਪੂਰੇ ਪੰਜਾਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ, ਦਾ ਮੂੰਹ ਮਿੱਠਾ ਕਰਾਉਣ ਅਤੇ ਸਨਮਾਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ 2022 ਵਿਚ ਕਿਹਾ ਸੀ ਕਿ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਸਧਾਰਾਂਗੇ ਅੱਜ ਇਹ ਉਦਾਹਰਣ ਜਪਨੀਤ ਕੌਰ ਹੈ, ਜੋ ਸਰਕਾਰੀ ਸਕੂਲ ’ਚੋਂ ਪੜ੍ਹ ਕੇ ਪੂਰੇ ਪੰਜਾਬ ’ਚ ਦੂਜੇ ਸਥਾਨ ’ਤੇ ਰਹੀ ਹੈ। ਇਹ ਲਹਿਰੇ ਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਤੇ ਇਸ ਗੱਲ ’ਤੇ ਮੋਹਰ ਵੀ ਹੈ ਕਿ ਅਸੀਂ ਜੋ ਕਿਹਾ ਸੀ ਕਰਕੇ ਵਿਖਾਇਆ ਹੈ। ਵਿਦਿਆਰਥਣ ਜਪਨੀਤ ਕੌਰ ਨੇ ਜਿੱਥੇ ਇਸ ਦਾ ਸਿਹਰਾ ਆਪਣੇ ਮਾਪਿਆਂ ਅਤੇ ਸਕੂਲ ਦੇ ਸਟਾਫ ਨੂੰ ਦਿੱਤਾ, ਤੇ ਇਹ ਇਸ ਦੇ ਪਿਤਾ ਮਾਸਟਰ ਕੁਲਦੀਪ ਸਿੰਘ ਨੇ ਕਿਹਾ ਕਿ ਬੇਟੀਆਂ ਨੂੰ ਭਾਰ ਨਾਂ ਸਮਝੋ ਸਗੋਂ ਇਨ੍ਹਾਂ ਨੂੰ ਮੌਕਾ ਦਿਓ ਇਹ ਹਰੇਕ ਖੇਤਰ ਵਿੱਚ ਅੱਗੇ ਜਾ ਸਕਦੀਆਂ ਹਨ। ਇਸ ਸਮੇਂ ਵਿਦਿਆਰਥਣ ਦੇ ਮਾਪਿਆਂ ਤੋਂ ਇਲਾਵਾ ਐਸਡੀਐਮ ਲਹਿਰਾ ਰਾਕੇਸ਼ ਪ੍ਰਕਾਸ਼ ਗਰਗ, ਨਗਰ ਕੌਂਸਲ ਪ੍ਰਧਾਨ ਮੈਡਮ ਕਾਂਤਾ ਗੋਇਲ,ਮੰਤਰੀ ਗੋਇਲ ਦੇ ਸਪੁੱਤਰ ਗੌਰਵ ਗੋਇਲ, ਲੱਕੀ ਗੋਇਲ,ਓਐਸਡੀ ਰਕੇਸ਼ ਕੁਮਾਰ ਗੁਪਤਾ, ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ੀਸ਼ਪਾਲ ਆਨੰਦ, ਬਲਾਕ ਸੰਮਤੀ ਦੇ ਚੇਅਰਮੈਨ ਅਵਤਾਰ ਸਿੰਘ ਪਰੋਚਾ, ਸੈਲਰ ਐਸੋਸੀਏਸ਼ਨ ਦੇ ਚੇਅਰਮੈਨ ਚਰਨਜੀਤ ਸ਼ਰਮਾਂ, ਅਜੇ ਕੁਮਾਰ ਠੋਲੀ,ਡਾ. ਜਗਦੀਸ਼ ਪਾਪੜਾ ਮੌਜੂਦ ਸਨ।