ਮੰਤਰੀ ਗੋਇਲ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ’ਤੇ ਭਰੀ ਹਾਜ਼ਰੀ
ਮੰਤਰੀ ਗੋਇਲ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਭਰੀ ਹਾਜ਼ਰੀ
Publish Date: Sun, 01 Feb 2026 04:55 PM (IST)
Updated Date: Mon, 02 Feb 2026 04:05 AM (IST)

ਵੱਖ-ਵੱਖ ਪਿੰਡਾਂ ਵਿੱਚ ਬਣਾਈਆਂ ਗਈਆਂ ਧਰਮਸ਼ਾਲਾਵਾਂ ਕੀਤੀਆਂ ਲੋਕ ਅਰਪਣ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼੍ਰੀ ਗੁਰੂ ਰਵਿਦਾਸ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਲਕਾ ਲਹਿਰਾ ਦੇ ਵੱਖ-ਵੱਖ ਪਿੰਡਾਂ ਵਿੱਚ ਕਰਵਾਏ ਧਾਰਮਿਕ ਅਤੇ ਸਮਾਜਿਕ ਸਮਾਗਮ ਸ਼ਰਧਾ, ਉਤਸ਼ਾਹ ਅਤੇ ਭਾਈਚਾਰੇ ਦੀ ਭਾਵਨਾ ਨਾਲ ਮਨਾਏ ਗਏ। ਇਨ੍ਹਾਂ ਸਮਾਗਮਾਂ ਵਿੱਚ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਾਜ਼ਰੀ ਲਗਵਾਈ। ਇਸ ਮੌਕੇ ਉਹਨਾਂ ਨੇ ਵੱਖ ਵੱਖ ਪਿੰਡਾਂ ਵਿੱਚ ਬਣਾਈਆਂ ਗਈਆਂ ਧਰਮਸ਼ਾਲਾਵਾਂ ਵੀ ਲੋਕ ਅਰਪਿਤ ਕੀਤੀਆਂ।ਉਨ੍ਹਾਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੇ ਪਸਾਰ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਇਤਿਹਾਸਕ ਫ਼ੈਸਲੇ ਤਹਿਤ ਜਲੰਧਰ ਜ਼ਿਲ੍ਹੇ ਵਿੱਚ ਡੇਰਾ ਬੱਲਾਂ ਨਜ਼ਦੀਕ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਬਣਾਇਆ ਜਾਵੇਗਾ। ਇਸ ਲਈ ਪੰਜਾਬ ਸਰਕਾਰ ਨੇ ਸਾਢੇ 10 ਕਰੋੜ ਰੁਪਏ ਦੀ ਲਾਗਤ ਨਾਲ 9 ਏਕੜ ਤੋਂ ਵੱਧ ਜ਼ਮੀਨ ਅਧਿਐਨ ਸੈਂਟਰ ਦੇ ਨਾਂ ਦਰਜ ਕੀਤੀ ਹੈ।ਉਨ੍ਹਾਂ ਲਹਿਰਾ ਦੇ ਅਤੀ ਨੇੜਲੇ ਪਿੰਡ ਰਾਮਗੜ ਸੰਧੂਆਂ, ਸੇਖੂਵਾਸ, ਘੋੜੇਨਾਬ, ਕਾਲਬੰਜਾਰਾ, ਜਲੂਰ, ਖੰਡੇਬਾਦ, ਲਹਿਲ ਖੁਰਦ ਅਤੇ ਪਿੰਡ ਖਾਈ ਵਿਖੇ ਕਰਵਾਏ ਗਏ ਸਮਾਗਮਾਂ ਵਿੱਚ ਸ਼ਮੂਲੀਅਤ ਕਰਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਅਤੇ ਉਨ੍ਹਾਂ ਦੇ ਜੀਵਨ ਦਰਸ਼ਨ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੰਤਾਂ, ਗੁਰੂਆਂ ਅਤੇ ਮਹਾਪੁਰਸ਼ਾਂ ਦੀਆਂ ਸਿੱਖਿਆਵਾਂ ਨੂੰ ਅਪਣਾਉਂਦਿਆਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਹਿਤੈਸ਼ੀ ਯੋਜਨਾਵਾਂ ਦਾ ਮੁੱਖ ਉਦੇਸ਼ ਸਮਾਜਕ ਨਿਆਂ, ਸਮਾਨਤਾ ਅਤੇ ਸਭ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ।ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਰਵਿਦਾਸ ਜੀ ਦੇ ਦਰਸਾਏ ਰਸਤੇ ’ਤੇ ਚਲਦਿਆਂ ਆਪਸੀ ਪਿਆਰ, ਸਦਭਾਵਨਾ ਅਤੇ ਸਮਾਜਕ ਏਕਤਾ ਨੂੰ ਮਜ਼ਬੂਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਗੁਰੂਆਂ ਦੀ ਬਾਣੀ ਅਤੇ ਇਤਿਹਾਸ ਨਾਲ ਜੋੜਨ। ਇਸ ਸਮੇਂ ਵੱਖ ਵੱਖ ਥਾਵਾਂ ਤੇ ਕੈਬਨਟ ਮੰਤਰੀ ਬਰਿੰਦਰ ਗੋਇਲ ਨੂੰ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ।