ਮੰਤਰੀ ਬਰਿੰਦਰ ਗੋਇਲ ਨੇ 58 ਕਰੋੜ ਦੀ ਲਾਗਤ ਨਾਲ ਪੇਂਡੂ ਸੜਕਾਂ ਦੇ ਰੱਖੇ ਨੀਂਹ ਪੱਥਰ
ਮੰਤਰੀ ਬਰਿੰਦਰ ਗੋਇਲ ਨੇ 58 ਕਰੋੜ ਦੀ ਲਾਗਤ ਨਾਲ ਪੇਂਡੂ ਸੜਕਾਂ ਦੇ ਰੱਖੇ ਨੀਂਹ ਪੱਥਰ
Publish Date: Sat, 31 Jan 2026 06:35 PM (IST)
Updated Date: Sun, 01 Feb 2026 04:11 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੱਲੋਂ ਨੇੜਲੇ ਪਿੰਡ ਗੋਬਿੰਦਗੜ੍ਹ ਪਾਪੜਾ, ਸਲੇਮਗੜ੍ਹ, ਬੁਸ਼ਹਿਰਾ, ਬੰਗਾ, ਮੰਡਵੀ ਆਦੀ ਵਿਖੇ ਵੱਖ-ਵੱਖ ਸੜਕੀ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਪ੍ਰੋਜੈਕਟਾਂ ਤਹਿਤ ਕਰੀਬ 58 ਕਰੋੜ ਰੁਪਏ ਦੀ ਲਾਗਤ ਨਾਲ 50 ਕਿਲੋਮੀਟਰ ਤੋਂ ਵੱਧ ਲੰਬਾਈ ਵਾਲੀਆਂ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ, ਸੜਕਾਂ ਨੂੰ ਚੌੜਾ ਕਰਨ ਅਤੇ ਨਵੀਨੀਕਰਨ ਦੇ ਕੰਮ ਕੀਤੇ ਜਾਣਗੇ। ਇਨ੍ਹਾਂ ਸੜਕਾਂ ਦੇ ਤਿਆਰ ਹੋਣ ਨਾਲ ਪਿੰਡਾਂ ਦਾ ਆਪਸੀ ਰਾਬਤਾ ਮਜ਼ਬੂਤ ਹੋਵੇਗਾ ਅਤੇ ਲੋਕਾਂ ਨੂੰ ਸੁਰੱਖਿਅਤ, ਸੁਵਿਧਾਜਨਕ ਅਤੇ ਤੇਜ਼ ਆਵਾਜਾਈ ਦੀ ਸਹੂਲਤ ਮਿਲੇਗੀ। ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ, ਕਿ ਮੌਜੂਦਾ ਪੰਜਾਬ ਸਰਕਾਰ ਪੇਂਡੂ ਵਿਕਾਸ ਨੂੰ ਤਰਜੀਹ ਦੇ ਰਹੀ ਹੈ ਅਤੇ ਸੂਬੇ ਦੇ ਹਰ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਜ਼ਬੂਤ ਸੜਕੀ ਢਾਂਚਾ ਖੇਤੀਬਾੜੀ, ਵਪਾਰ ਅਤੇ ਉਦਯੋਗ ਲਈ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਿਹਾ ਕਿ ਹਲਕਾ ਲਹਿਰਾ ਦੇ ਵਿਕਾਸ ਲਈ ਸਰਕਾਰ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਅਤੇ ਇਲਾਕੇ ਦੇ ਵਿਕਾਸ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਸੜਕਾਂ, ਪੀਣ ਵਾਲੇ ਪਾਣੀ, ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਪ੍ਰੋਜੈਕਟ ਚੱਲ ਰਹੇ ਹਨ, ਜਿਨ੍ਹਾਂ ਨਾਲ ਆਉਣ ਵਾਲੇ ਸਮੇਂ ਵਿੱਚ ਹਲਕਾ ਲਹਿਰਾ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਜਾਵੇਗੀ। ਇਸ ਮੌਕੇ ਐੱਸਡੀਐਮ ਲਹਿਰਾ ਰਾਕੇਸ਼ ਪ੍ਰਕਾਸ਼ ਗਰਗ, ਐਕਸੀਅਨ ਮੰਡੀ ਬੋਰਡ ਪੁਨੀਤ ਕੁਮਾਰ, ਚੇਅਰਮੈਨ ਮਾਰਕਿਟ ਕਮੇਟੀ ਲਹਿਰਾ ਡਾ. ਸ਼ੀਸ਼ਪਾਲ ਅਨੰਦ, ਕੁਲਵਿੰਦਰ ਸਿੰਘ ਸਰਪੰਚ ਗੋਬਿੰਦਪੁਰਾ ਪਾਪੜਾ, ਗੁਲਜ਼ਾਰੀ ਸੇਠ ਸਲੇਮਗੜ੍ਹ, ਸ਼ਮਸ਼ੇਰ ਸਿੰਘ ਸਲੇਮਗੜ, ਪੀਏ ਰਾਕੇਸ਼ ਕੁਮਾਰ ਗੁਪਤਾ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾਂ,ਆਪ ਆਗੂ ਅਜੇ ਕੁਮਾਰ ਠੋਲੀ ਹਾਜ਼ਰ ਸਨ।