ਮੰਤਰੀ ਅਮਨ ਅਰੋੜਾ ਨੇ ਰੇਲਵੇ ਅੰਡਰ ਬ੍ਰਿਜ ਦੀ ਆਵਾਜਾਈ ਕਰਵਾਈ ਸ਼ੁਰੂ
ਮੰਤਰੀ ਅਮਨ ਅਰੋੜਾ ਨੇ ਰੇਲਵੇ ਅੰਡਰ ਬ੍ਰਿਜ ਦੀ ਆਵਾਜਾਈ ਕਰਵਾਈ ਸ਼ੁਰੂ
Publish Date: Thu, 19 Mar 2026 06:15 PM (IST)
Updated Date: Fri, 20 Mar 2026 04:10 AM (IST)

ਰੇਲਵੇ ਵਿਭਾਗ ਨੇ ਖਰਚਿਆ 9 ਕਰੋੜ ਰੁਪਿਆ ਅੰਡਰ ਬਰਿਜ ਦੇ ਕੰਮਾਂ ਨੂੰ ਦਿੱਤੀ ਜਾ ਰਹੀ ਹੈ ਅੰਤਿਮ ਛੂਹਾਂ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਰੇਲਵੇ ਵਿਭਾਗ ਵੱਲੋਂ ਸੁਨਾਮ ਵਿਖੇ ਬੱਸ ਸਟੈਂਡ ਨੇੜਲੇ ਰੇਲਵੇ ਫਾਟਕਾਂ ਤੇ ਕ਼ਰੀਬ ਨੌਂ ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਉਸਾਰੀ ਅਧੀਨ ਰੇਲਵੇ ਅੰਡਰਪਾਸ ਦੀ ਆਵਾਜਾਈ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸ਼ੁਰੂ ਕਰਵਾਈ। ਦੱਸ ਦੇਈਏ ਰੇਲਵੇ ਅੰਡਰ ਬ੍ਰਿਜ (ਆਰਯੂਬੀ) ਦੇ ਕੰਮ ਨੂੰ ਰੇਲਵੇ ਵਿਭਾਗ ਵੱਲੋਂ ਅੰਤਿਮ ਛੂਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਖਿਆ ਕਿ ਉਕਤ ਪ੍ਰਾਜੈਕਟ ਦੇ ਚਾਲੂ ਹੋਣ ਨਾਲ ਇੰਦਰਾ ਬਸਤੀ ਸਾਈਡ ਤੇ ਸ਼ਹਿਰ ਦੇ ਮੁੱਖ ਹਿੱਸੇ ਵਿਚਕਾਰ ਸਿੱਧੀ ਕੁਨੈਕਟੀਵਿਟੀ ਸਥਾਪਤ ਹੋ ਗਈ ਹੈ, ਜੋ ਕਿ ਸਾਲਾਂ ਤੋਂ ਹਲਕਾ ਵਾਸੀਆਂ ਦੀ ਇੱਕ ਮੁੱਖ ਮੰਗ ਸੀ। ਉਨ੍ਹਾਂ ਕਿਹਾ ਕਿ ਇਸ ਅੰਡਰ ਬ੍ਰਿਜ ਦੇ ਬਣਨ ਨਾਲ ਸਭ ਤੋਂ ਵੱਡਾ ਲਾਭ ਇਹ ਹੋਇਆ ਹੈ ਕਿ ਹੁਣ ਲੋਕਾਂ ਨੂੰ ਰੇਲਵੇ ਫਾਟਕ ਬੰਦ ਰਹਿਣ ਕਾਰਨ ਹੋਣ ਵਾਲੀ ਲੰਬੀ ਉਡੀਕ ਤੋਂ ਛੁਟਕਾਰਾ ਮਿਲ ਗਿਆ ਹੈ। ਪਹਿਲਾਂ ਲੋਕਾਂ ਨੂੰ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ। ਹੁਣ ਇਸ ਅੰਡਰ ਬ੍ਰਿਜ ਦੇ ਚਾਲੂ ਹੋਣ ਨਾਲ ਇਹ ਸਾਰੀਆਂ ਸਮੱਸਿਆਵਾਂ ਕਾਫ਼ੀ ਹੱਦ ਤੱਕ ਖਤਮ ਹੋ ਗਈਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਖੇਤਰ ਵਿੱਚ ਵਿਕਾਸ ਦੇ ਨਵੇਂ ਮਾਪਦੰਡ ਸਥਾਪਤ ਕਰ ਰਹੀ ਹੈ। ਸਰਕਾਰ ਦਾ ਮੁੱਖ ਟੀਚਾ ਲੋਕਾਂ ਦੀਆਂ ਰੋਜ਼ਮਰ੍ਹਾ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਅਤੇ ਉਨ੍ਹਾਂ ਨੂੰ ਸੁਵਿਧਾਜਨਕ ਜੀਵਨ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਰੇਲਵੇ ਅੰਡਰ ਬ੍ਰਿਜ ਸਿਰਫ਼ ਇੱਕ ਆਵਾਜਾਈ ਪ੍ਰੋਜੈਕਟ ਨਹੀਂ, ਸਗੋਂ ਇਲਾਕੇ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਦਾ ਦਰਵਾਜ਼ਾ ਵੀ ਹੈ। ਇਸ ਨਾਲ ਵਪਾਰਕ ਗਤੀਵਿਧੀਆਂ ਨੂੰ ਹੋਰ ਬਲ ਮਿਲੇਗਾ ਅਤੇ ਸਥਾਨਕ ਕਾਰੋਬਾਰ ਨੂੰ ਵੀ ਨਵੀਂ ਉਡਾਣ ਮਿਲੇਗੀ।ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਤਿਆਰ ਕਰਨ ਦੌਰਾਨ ਤਕਨੀਕੀ ਪੱਖਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ, ਤਾਂ ਜੋ ਲੰਬੇ ਸਮੇਂ ਤੱਕ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ ਮਿਆਰੀ ਸਮੱਗਰੀ ਅਤੇ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਇਸ ਅੰਡਰ ਬ੍ਰਿਜ ਨੂੰ ਮਜ਼ਬੂਤ ਅਤੇ ਸੁਰੱਖਿਅਤ ਬਣਾਇਆ ਗਿਆ ਹੈ।