ਮਨਰੇਗਾ ਮੁਲਾਜ਼ਮ 20 ਨੂੰ ਕਰਨਗੇ ਮੋਹਾਲੀ ਦਫ਼ਤਰ ਦਾ ਘਿਰਾਓ
ਮਨਰੇਗਾ ਮੁਲਾਜ਼ਮ 20 ਨੂੰ ਕਰਨਗੇ ਮੋਹਾਲੀ ਦਫਤਰ ਦਾ ਘਿਰਾਓ
Publish Date: Sun, 19 Apr 2026 04:24 PM (IST)
Updated Date: Mon, 20 Apr 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਮਨਰੇਗਾ ਕਰਮਚਾਰੀ ਯੂਨੀਅਨ ਮੀਟਿੰਗ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਸੰਗਰੂਰ ਵਿਖੇ ਹੋਈ! ਮੀਟਿੰਗ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਕਾਕੜਾ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਮਨਰੇਗਾ ਮੁਲਾਜ਼ਮਾਂ ਦੀ ਭਰਤੀ ਪੂਰੇ ਪਾਰਦਰਸ਼ੀ ਢੰਗ ਨਾਲ ਰੈਗੂਲਰ ਭਰਤੀ ਲਈ ਅਪਣਾਏ ਜਾਂਦੇ ਤੈਅ ਮਾਪਦੰਡਾਂ ਅਨੁਸਾਰ ਹੋਈ ਹੈ। ਜਿਨ੍ਹਾਂ ਦੀ ਭਰਤੀ 2008 ਦੌਰਾਨ ਹੋਈ ਹੈ ਪ੍ਰੰਤੂ ਸਮੇਂ ਨਾਲ ਮਨਰੇਗਾ ਮੁਲਾਜ਼ਮਾਂ ਨੂੰ ਦਿੱਤੇ ਵਾਧੂ ਕੰਮਾਂ ਦੇ ਬੋਝ ਕਾਰਨ ਲੋੜ ਅਨੁਸਾਰ ਹੋਰ ਵੀ ਭਰਤੀ ਕੀਤੀ ਗਈ। ਇਸ ਸਮੇਂ ਪੂਰੇ ਪੰਜਾਬ ਵਿਚ ਮਨਰੇਗਾ ਮੁਲਾਜ਼ਮਾਂ ਦੀ ਗਿਣਤੀ 2100 ਦੇ ਲਗਭਗ ਹੈ। ਮਨਰੇਗਾ ਮੁਲਾਜ਼ਮ ਪਿਛਲੇ 18 ਸਾਲਾਂ ਤੋਂ ਆਪਣੀਆਂ ਸੇਵਾਵਾਂ ਪੱਕੀਆਂ ਕਰਨ ਦੀ ਮੰਗ ਕਰਦੇ ਆ ਰਹੇ ਹਨ ਪਰ ਮੌਕੇ ਦੀਆ ਸਰਕਾਰਾ ਵਲੋਂ ਮਨਰੇਗਾ ਮੁਲਾਜ਼ਮਾਂ ਨੂੰ ਕੇਂਦਰੀ ਸਕੀਮ ਦੇ ਮੁਲਾਜ਼ਮ ਆਖ ਦਿੱਤਾ ਜਾਂਦਾ ਰਿਹਾ ਹੈ ਜਦੋ ਕਿ ਦੂਸਰੇ ਪਾਸੇ ਕੇਂਦਰ ਦੀ ਸਰਵ ਸਿੱਖਿਆ ਅਭਿਆਨ ਤੇ ਰਮਸਾ ਦੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਵਲੋਂ ਸਕੂਲ ਸਿੱਖਿਆ ਵਿਭਾਗ ਵਿਚ ਮਰਜ਼ ਕੀਤਾ ਜਾ ਚੁੱਕਾ ਹੈ। ਮੌਜੂਦਾ ਸਰਕਾਰ ਦੇ ਸਮੇਂ ਵਿਚ ਵੀ ਐਨ.ਐਚ.ਐਮ. ਦੇ ਨਰਸਿੰਗ ਸਟਾਫ਼ ਆਦਿ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਨੂੰ ਸੂਬਾ ਸਰਕਾਰ ਵਲੋਂ ਆਪਣੇ ਅਧੀਨ ਲਿਆ ਜਾ ਚੁੱਕਾ ਹੈ। ਅਤੇ ਨਾਲ ਦੇ ਕਈ ਸੂਬੇ ਹਿਮਾਚਲ, ਰਾਜਸਥਾਨ, ਓਡੀਸ਼ਾ, ਮੱਧ ਪ੍ਰਦੇਸ਼ ਵਰਗੇ ਰਾਜਾਂ ਨੇ ਮਨਰੇਗਾ ਮੁਲਾਜਮਾ ਨੂੰ ਪੰਚਾਇਤ ਵਿਭਾਗ ਵਿੱਚ ਮਰਜ ਕਰਕੇ ਰੈਗੂਲਰ ਕਰ ਦਿੱਤਾ ਹੈ! ਪੰਜਾਬ ਦੇ ਮਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਨਾਲ ਸੂਬਾ ਸਰਕਾਰ ਦੇ ਖ਼ਜ਼ਾਨੇ ’ਤੇ ਕੋਈ ਵਾਧੂ ਬੋਝ ਨਹੀਂ ਪਵੇਗਾ। ਅੱਗੇ ਐਕਸ਼ਨ ਕਮੇਟੀ ਆਗੂ ਰਣਧੀਰ ਸਿੰਘ ਧੀਮਾਨ ਨੇ ਕਿਹਾ ਕਿ ਦੋ ਦਹਾਕੇ ਕੱਚੀ ਨੌਕਰੀ ਅਤੇ ਨਿਗੂਣੀ ਤਨਖ਼ਾਹ ਦਾ ਸੰਤਾਪ ਭੋਗ ਕੇ ਲੰਘਾ ਚੁੱਕੇ ਕਈ ਮਨਰੇਗਾ ਮੁਲਾਜ਼ਮ ਬਿਨਾਂ ਕੋਈ ਲਾਭ ਦਿੱਤੇ ਸੇਵਾ ਮੁਕਤ ਕਰ ਕੇ ਘਰ ਤੋਰ ਦਿੱਤੇ ਗਏ ਹਨ। ਬਹੁਤ ਸਾਰੇ ਮੁਲਾਜ਼ਮ ਗੰਭੀਰ ਬਿਮਾਰੀ, ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਜਿੰਨ੍ਹਾਂ ਵਿਚੋਂ 50 ਦੇ ਲਗਭਗ ਮੁਲਾਜ਼ਮਾਂ ਦੀ ਮੌਤ ਵੀ ਹੋ ਚੁੱਕੀ ਹੈ। ਕੇਂਦਰ ਸਰਕਾਰ ਵਲੋਂ ਮਨਰੇਗਾ ਕਾਨੂੰਨ ਤੋੜ ਕੇ ਕਾਫ਼ੀ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਸਾਡੀਆਂ ਸੇਵਾਵਾਂ ਪੰਚਾਇਤ ਵਿਭਾਗ ਵਿਚ ਮਰਜ਼ ਕਰਨ ਲਈ ਮੰਗਾਂ ਨੂੰ ਉਚੇਚੇ ਤੌਰ ਤੇ ਵਿਚਾਰਿਆ ਜਾਵੇ ਅਤੇ ਇਸ ਸਬੰਧੀ ਯੂਨੀਅਨ ਦੇ ਨੁਮਾਇੰਦਿਆਂ ਨੂੰ ਪੈਨਲ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਅਤੇ ਮੰਗਾ ਪ੍ਰਵਾਨ ਕੀਤੀਆ ਜਾਣ ਅਜਿਹਾ ਨਾ ਹੋਣ ਦੀ ਸੂਰਤ ਵਿੱਚ 20 ਅਪ੍ਰੈਲ ਨੂੰ ਹੈਡ ਕੁਆਰਟਰ ਮੋਹਾਲੀ ਦੱਫਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਜਸਵੀਰ ਸਿੰਘ, ਗੁਰਮੀਤ ਸਿੰਘ, ਮਨਜੀਤ ਸਿੰਘ, ਗੁਰਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਬਿੱਕਰ ਸਿੰਘ, ਮਹਿੰਗਾ ਸਿੰਘ, ਗੁਰਜੀਤ ਸਿੰਘ ਅਤੇ ਸਿਮਲਪ੍ਰੀਤ ਕੌਰ ਹਾਜ਼ਰ ਸਨ!