ਅੱਜ ਦੇ ਤੇਜ਼ ਰਫ਼ਤਾਰ ਜੀਵਨ ’ਚ ਬੱਚਿਆਂ ’ਚ ਵਧ ਰਿਹਾ ਮਾਨਸਿਕ ਤਣਾਅ
ਅੱਜ ਦੇ ਤੇਜ਼ ਰਫਤਾਰ ਜੀਵਨ 'ਚ ਬੱਚਿਆਂ 'ਚ ਵਧ ਰਿਹਾ ਮਾਨਸਿਕ ਤਣਾਅ
Publish Date: Sun, 12 Apr 2026 03:56 PM (IST)
Updated Date: Mon, 13 Apr 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ੇਰਪੁਰ : ਅੱਜ ਦੇ ਤੇਜ਼ ਰਫ਼ਤਾਰ ਜੀਵਨ ’ਚ ਜਿਥੇ ਘਰ ਦੇ ਵੱਡੇ ਮਾਨਸਿਕ ਤਣਾਅ ਦਾ ਸਾਹਮਣਾ ਕਰ ਰਹੇ ਹਨ, ਉਥੇ ਬੱਚੇ ਵੀ ਇਸ ਤੋਂ ਅਛੂਤੇ ਨਹੀਂ ਰਹੇ। ਸਕੂਲ ਦਾ ਦਬਾਅ, ਮਾਪਿਆਂ ਦੀਆਂ ਉਮੀਦਾਂ ਤੇ ਡਿਜ਼ੀਟਲ ਦੁਨੀਆ ਦਾ ਪ੍ਰਭਾਵ ਬੱਚਿਆਂ ਦੇ ਮਨ ’ਤੇ ਗੰਭੀਰ ਅਸਰ ਪਾ ਰਹੇ ਹਨ। ਨਤੀਜੇ ਵਜੋਂ ਬੱਚਿਆਂ ’ਚ ਚਿੜਚਿੜਾਪਣ, ਗੁੱਸਾ ਤੇ ਅਸਹਿਣਸ਼ੀਲਤਾ ਵਧ ਰਹੀ ਹੈ। ਡਾ. ਕਰਨਵੀਰ ਸਿੰਘ ਘਨੌਰੀ ਨੇ ਕਿਹਾ ਕਿ ਬੱਚਿਆਂ ਦੀ ਮਾਨਸਿਕ ਸਿਹਤ ਇਕ ਗੰਭੀਰ ਮਸਲਾ ਬਣਦਾ ਜਾ ਰਿਹਾ ਹੈ। ਜੇ ਮਾਪੇ ਤੇ ਅਧਿਆਪਕ ਸਮੇਂ ’ਤੇ ਧਿਆਨ ਦੇਣ ਤਾਂ ਬੱਚਿਆਂ ਦੇ ਗੁੱਸੇ ਤੇ ਚਿੜਚਿੜੇਪਨ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਸਹੀ ਮਾਰਗਦਰਸ਼ਨ ਤੇ ਪਿਆਰ ਭਰਿਆ ਮਾਹੌਲ ਬੱਚਿਆਂ ਨੂੰ ਇਕ ਖੁਸ਼ਹਾਲ ਤੇ ਸੰਤੁਲਿਤ ਜੀਵਨ ਵੱਲ ਲੈ ਜਾ ਸਕਦਾ ਹੈ। ਇਸ ਸੰਵੇਦਨਸ਼ੀਲ ਮਾਮਲੇ ਵਿਚ ਮਾਪਿਆਂ ਤੇ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਬੱਚਿਆਂ ਨਾਲ ਖੁੱਲ੍ਹ ਕੇ ਗੱਲ ਕਰਨੀ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਤੇ ਉਨ੍ਹਾਂ ’ਤੇ ਬਿਨਾਂ ਲੋੜ ਦੇ ਦਬਾਅ ਨਾ ਪਾਉਣਾ ਜ਼ਰੂਰੀ ਹੈ। ਬੱਚਿਆਂ ਦਾ ਛੋਟੀਆਂ-ਛੋਟੀਆਂ ਗੱਲਾਂ ’ਤੇ ਗੁੱਸਾ ਕਰਨਾ, ਇਕੱਲੇ ਰਹਿਣ ਦੀ ਆਦਤ ਬਣਨੀ, ਪੜ੍ਹਾਈ ’ਚ ਰੁਚੀ ਘਟਣਾ, ਗੱਲ ਨਾ ਸੁਣਨਾ ਜਾਂ ਜ਼ਿੱਦ ਕਰਨਾ, ਨੀਂਦ ਤੇ ਖਾਣ-ਪੀਣ ਦੇ ਰੁਟੀਨ ਵਿਚ ਬਦਲਾਅ ਇਹ ਸਭ ਚਿੜਚਿੜੇਪਨ ਦੀਆਂ ਨਿਸ਼ਾਨੀਆਂ ਹਨ। ਉਨ੍ਹਾਂ ’ਤੇ ਕਾਬੂ ਪਾਉਣ ਲਈ ਬੱਚਿਆਂ ਨੂੰ ਖੇਡਾਂ ਤੇ ਸਰੀਰਕ ਗਤੀਵਿਧੀਆਂ ਵੱਲ ਪ੍ਰੇਰਿਤ ਕਰੋ, ਸਕਰੀਨ ਟਾਈਮ ਘਟਾਓ, ਯੋਗਾ ਤੇ ਧਿਆਨ ਦੀ ਆਦਤ ਪਾਓ, ਸਮੇਂ-ਸਮੇਂ ਤੇ ਪਰਿਵਾਰ ਨਾਲ ਗੁਣਵੱਤਾ ਵਾਲਾ ਸਮਾਂ ਬਿਤਾਓ। ਅਧਿਆਪਕਾਂ ਨੂੰ ਵੀ ਕਲਾਸਰੂਮ ਵਿਚ ਦੋਸਤਾਨਾ ਮਾਹੌਲ ਬਣਾਉਣਾ ਚਾਹੀਦਾ ਹੈ, ਤਾਂ ਜੋ ਬੱਚੇ ਆਪਣੀ ਗੱਲ ਆਸਾਨੀ ਨਾਲ ਸਾਂਝੀ ਕਰ ਸਕਣ। ਤਣਾਅ ਦੇ ਮੁੱਖ ਕਾਰਨ ਬੱਚਿਆਂ ਵਿਚ ਵਧਦੇ ਮਾਨਸਿਕ ਤਣਾਅ ਦੇ ਕਈ ਕਾਰਨ ਹਨ। ਸਭ ਤੋਂ ਪਹਿਲਾਂ ਸਕੂਲ ਦਾ ਦਬਾਅ ਹੋਮਵਰਕ, ਪ੍ਰੀਖਿਆਵਾਂ ਤੋਂ ਮੁਕਾਬਲੇ ਦੀ ਦੌੜ। ਇਸ ਦੇ ਨਾਲ ਹੀ ਮਾਪਿਆਂ ਦੀਆਂ ਵਧਦੀਆਂ ਉਮੀਦਾਂ ਵੀ ਬੱਚਿਆਂ ਨੂੰ ਅੰਦਰੋਂ ਦਬਾ ਰਹੀਆਂ ਹਨ। ਡਿਜੀਟਲ ਯੁੱਗ ਵਿਚ ਮੋਬਾਈਲ ਤੇ ਗੇਮਿੰਗ ਦਾ ਅਧਿਕ ਇਸਤੇਮਾਲ ਵੀ ਬੱਚਿਆਂ ਦੀ ਮਨੋਦਸ਼ਾ ’ਤੇ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ, ਜਿਸ ਨਾਲ ਉਹ ਜਲਦੀ ਗੁੱਸੇ ਵਿਚ ਆ ਜਾਂਦੇ ਹਨ।