ਨੋਟ: ਜਰੁਰੀ। ) ਵਿਸਾਖੀ ਜੋੜਮੇਲ ’ਚ ਸੰਗਤ ਦਾ ਉਮੜਿਆ ਸੈਲਾਬ
ਵਿਸਾਖੀ ਜੋੜਮੇਲ ’ਚ ਸੰਗਤ ਦਾ ਉਮੜਿਆ ਸੈਲਾਬ
Publish Date: Tue, 14 Apr 2026 05:19 PM (IST)
Updated Date: Tue, 14 Apr 2026 05:21 PM (IST)

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਬਹਾਦਰਗੜ੍ਹ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਭਰਦੇ ਵਿਸਾਖੀ ਦੇ ਭਾਰੀ ਜੋੜਮੇਲ ’ਚ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਨੇ ਸ਼ਿਰਕਤ ਕਰਦਿਆਂ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ ਅਤੇ ਕੜਾਹਿ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਗੁਰੂ ਘਰ ਵਿਖੇ ਮੱਥਾ ਟੇਕਿਆ। ਅਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਦੀਵਾਨ ਹਾਲ ’ਚ ਵਿਸ਼ੇਸ਼ ਧਾਰਮਿਕ ਦੀਵਾਨ ਸਜਾਇਆ ਗਿਆ ਜਿਸ ’ਚ ਉਘੇ ਰਾਗੀ, ਢਾਡੀ ਜੱਥਿਆਂ ਤੇ ਧਰਮ ਪ੍ਰਚਾਰਕਾਂ ਨੇ ਗੁਰੂ ਇਤਿਹਾਸ ਅਤੇ ਸਿੱਖੀ ਸਿਧਾਂਤਾਂ ’ਤੇ ਰੋਸ਼ਨੀ ਪਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਨੇ ਖਾਲਸੇ ਦੀ ਚੜਦੀ ਕਲਾ ਦੀ ਅਰਦਾਸ ਕੀਤੀ। ਇਸ ਮੌਕੇ ਕਰਵਾਏ ਗਏ ਅਮ੍ਰਿਤ ਸੰਚਾਰ ਦੌਰਾਨ 250 ਪ੍ਰਾਣੀਆਂ ਨੇ ਅਮ੍ਰਿਤ ਛੱਕਿਆ। ਧਾਰਮਿਕ ਦੀਵਾਨ ’ਚ ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਐਸਜੀਪੀਸੀ, ਜਥੇ. ਸੁਰਜੀਤ ਸਿੰਘ ਗੜ੍ਹੀ ਅੰਤ੍ਰਿੰਗ ਮੈਂਬਰ, ਤੇਜਿੰਦਰਪਾਲ ਸਿੰਘ ਸੰਧੂ, ਜਸਮੇਰ ਸਿੰਘ ਲਾਛੜੂ ਮੈਂਬਰ ਐਸਜੀਪੀਸੀ, ਬੀਬੀ ਕੁਲਦੀਪ ਕੌਰ ਟੋਹੜਾ ਅਤੇ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਥੇ. ਸੁਰਜੀਤ ਸਿੰਘ ਗੜ੍ਹੀ ਅਤੇ ਹੋਰ ਆਗੂਆਂ ਨੇ ਜਿਥੇ ਸੰਗਤ ਨੂੰ ਖਾਲਸੇ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਉਥੇ ਹੀ ਸਿੱਖੀ ਨੂੰ ਲੱਗ ਰਹੇ ਖੋਰੇ ਪ੍ਰਤੀ ਵੀ ਸੁਚੇਤ ਕੀਤਾ। ਮੈਨੇਜਰ ਮਨਜੀਤ ਸਿੰਘ ਕੌਲੀ ਅਤੇ ਹੈਡ ਗ੍ਰੰਥੀ ਭਾਈ ਅਵਤਾਰ ਸਿੰਘ ਵਲੋਂ ਇਸ ਮੌਕੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਜੋੜਮੇਲ ’ਚ ਇਲਾਕੇ ਦੇ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਲੰਗਰਾਂ, ਛਬੀਲਾਂ ਅਤੇ ਜੋੜਿਆਂ ਦੀ ਸੇਵਾ ਬਹੁਤ ਹੀ ਸ਼ਰਧਾ ਨਾਲ ਕੀਤੀ ਗਈ। ਸੰਗਤਾਂ ਨੇ ਜੋੜ ਮੇਲ ਮੌਕੇ ਸਜੀਆਂ ਦੁਕਾਨਾਂ ਤੋਂ ਖਰੀਦੇ ਫਰੋਖਤ ਕਰਨ ਦੇ ਨਾਲ ਵੱਡੀ ਗਿਣਤੀ ’ਚ ਲੱਗੇ ਭਾਂਤ ਸੁਭਾਂਤੇ ਝੂਲਿਆਂ ’ਤੇ ਝੂਟਿਆਂ ਦਾ ਵੀ ਅਨੰਦ ਮਾਣਿਆ। ਜਿਕਰਯੋਗ ਹੈ ਕਿ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮੱਸਤਕ ਹੋਣ ਲਈ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਵਿਸਾਖੀ ਵਾਲੇ ਦਿਨ ਦੇਰ ਰਾਤ ਤੱਕ ਵੱਡੀ ਗਿਣਤੀ ’ਚ ਸੰਗਤਾਂ ਦਾ ਗੁਰੂ ਆਉਣਾ ਜਾਰੀ ਰਹਿੰਦਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਸੁੰਦਰ ਫੁੱਲਾਂ ਨਾਲ ਕੀਤੀ ਸਜਾਵਟ ਸੰਗਤ ਦੇ ਆਕਰਸ਼ਨ ਦਾ ਕੇਂਦਰ ਸੀ। ਇਸ ਮੌਕੇ ਮੈਨੇਜਰ ਮਨਜੀਤ ਸਿੰਘ ਕੌਲੀ, ਹੈਡ ਗ੍ਰੰਥੀ ਭਾਈ ਅਵਤਾਰ ਸਿੰਘ, ਸਤਪਾਲ ਸਿੰਘ ਮਹਿਮਦਪੁਰ ਕਿਸਾਨ ਆਗੂ, ਪ੍ਰਿਤਪਾਲ ਸਿੰਘ ਖ਼ਜ਼ਾਨਚੀ, ਨਵਨੀਤ ਸਿੰਘ ਆਰਕੇ, ਅਵਤਾਰ ਸਿੰਘ ਐਸਕੇ, ਕੁਲਦੀਪ ਸਿੰਘ ਹਰਪਾਲਪੁਰ, ਗੁਰਜੀਤ ਸਿੰਘ ਭੱਠਲ ਸਰਪੰਚ ਭੱਠਲਾਂ ਅਤੇ ਇਲਾਕੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।