ਪੰਜਵੀਂ ’ਚੋਂ ਮਹਿਕਪ੍ਰੀਤ ਕੌਰ ਤੇ ਅਰਸ਼ਦੀਪ ਕੌਰ ਨੇ ਲਏ ਸੌ ਫ਼ੀਸਦੀ ਅੰਕ
ਪੰਜਵੀਂ ਦੀ ਪ੍ਰੀਖਿਆ 'ਚੋਂ ਮਹਿਕਪ੍ਰੀਤ ਕੌਰ ਤੇ ਅਰਸ਼ਦੀਪ ਕੌਰ ਨੇ ਲਏ ਸੌ ਫ਼ੀਸਦੀ ਅੰਕ
Publish Date: Fri, 10 Apr 2026 05:48 PM (IST)
Updated Date: Sat, 11 Apr 2026 04:06 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਮਾਨਾ ਪੱਤੀ ਵੱਲ ਐਲਾਨਿਆ ਪੰਜਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ। ਸੈਂਟਰ ਸਕੂਲ ਮੁਖੀ ਦਲਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਵੀਂ ਜਮਾਤ ਦੇ ਸਾਰੇ ਹੀ ਵਿਦਿਅਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਿਨ੍ਹਾਂ ’ਚੋਂ ਮਹਿਕਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ ਤੇ ਅਰਸ਼ਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਨੇ 500 ’ਚੋਂ 500 ਅੰਕ ਹਾਸਲ ਕਰ ਕੇ ਮੈਰਿਟ ਸੂਚੀ ’ਚ ਆਪਣਾ ਨਾਂ ਦਰਜ ਕਰਵਾ ਕੇ ਆਪਣਾ, ਆਪਣੇ ਮਾਪਿਆਂ ਤੇ ਸਕੂਲ ਸਟਾਫ਼ ਦਾ ਨਾਂ ਰੋਸ਼ਨ ਕੀਤਾ ਹੈ। ਦਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥਣਾਂ ਦੇ ਜਮਾਤ ਇੰਚਾਰਜ ਗੁਰਮੀਤ ਕੌਰ, ਰਾਧਾ ਰਾਣੀ ਤੇ ਸੁਖਵਿੰਦਰ ਕੌਰ ਵੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਵੱਲੋਂ ਇਨ੍ਹਾਂ ਨੂੰ ਤਿਆਰੀ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਉਕਤ ਵਿਦਿਆਰਥਣਾਂ ਨੇ ਓਲੰਪੀਐਡ ਪੇਪਰ ਤੇ ਨਵੋਦਿਆ ਦੇ ਪੇਪਰ ਵਿੱਚ ਵੀ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਤੇ ਖੇਡਾਂ ਦੇ ਖੇਤਰ ਵਿਚ ਵੀ ਚੰਗੀਆਂ ਮੱਲਾਂ ਮਾਰੀਆਂ ਹਨ। ਇਨ੍ਹਾਂ ਹੋਣਹਾਰ ਵਿਦਿਆਰਥਣਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ (ਐਲੀਮੈਂਟਰੀ ਸਿੱਖਿਆ), ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ (ਐਲੀਮੈਂਟਰੀ ਸਿੱਖਿਆ) ਤੇ ਬੀਪੀਈਓ ਬਲਾਕ ਚੀਮਾ ਨੇ ਵਧਾਈ ਦਿੱਤੀ ਤੇ ਸਕੂਲ ਸਟਾਫ ਨੂੰ ਵੀ ਵਧੀਆ ਨਤੀਜੇ ਲਈ ਸ਼ਾਬਾਸ਼ ਦਿੱਤੀ।