ਵਿਧਾਇਕ ਬਾਜ਼ੀਗਰ ਨੇ ਲੋਕਾਂ ਨੂੰ ਸਰਕਾਰ ਦੀਆਂ ਦੱਸੀਆਂ ਪ੍ਰਾਪਤੀਆਂ
ਵਿਧਾਇਕ ਬਾਜ਼ੀਗਰ ਵੱਲੋਂ ਸੰਵਾਦ ਪ੍ਰੋਗਰਾਮ ਤਹਿਤ ਮੀਟਿੰਗਾਂ ਦਾ ਸਿਲਸਿਲਾ ਜਾਰੀ
Publish Date: Wed, 08 Apr 2026 04:40 PM (IST)
Updated Date: Wed, 08 Apr 2026 04:41 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਪਣੀ ਚਾਰ ਸਾਲ ਦੀ ਕਾਰਗੁਜ਼ਾਰੀ ਲੋਕਾਂ ਵਿੱਚ ਲੈ ਕੇ ਜਾਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੁਹਿੰਮ ਚਾਰ ਸਾਲ ਮੁੱਖ ਮੰਤਰੀ ਦੇ ਨਾਲ ਤਹਿਤ ਪਿੰਡਾਂ ’ਚ ਸੰਵਾਦ ਪ੍ਰੋਗਰਾਮ ਅਧੀਨ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਵਿਧਾਇਕ ਬਾਜ਼ੀਗਰ ਵੱਲੋਂ ਸੋਮਵਾਰ ਨੂੰ ਹਲਕੇ ਦੇ ਪਿੰਡ ਮੌਲਵੀਵਾਲਾ, ਨੂਰਪੁਰਾ, ਸਾਧਮਾਜਰਾ, ਮਰਦਾਂਹੇੜੀ ਅਤੇ ਗੁਰਦਿਆਲਪੁਰਾ ਪਿੰਡਾਂ ਵਿਚ ਮੀਟਿੰਗਾਂ ਕਰਕੇ ਲੋਕਾਂ ਨੂੰ ਸਰਕਾਰ ਦੀ ਕਾਰਗੁਜ਼ਾਰੀ ਦੇ ਨਾਲ ਨਾਲ ਆਪਣਾ ਚਾਰ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਲੋਕਾਂ ਵਿਚ ਵਿਕਾਸ ਕੰਮਾਂ ਤੇ ਰੰਗਲਾ ਪੰਜਾਬ ਸਿਰਜਣ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਮਕਸਦ ਨਾਲ ਆਈ ਸੀ ਜਿਸ ਦੇ ਤਹਿਤ ਸੂਬਾ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਇਤਿਹਾਸਕ ਕੰਮ ਕੀਤੇ ਹਨ। ਘਰਾਂ ਲਈ 600 ਯੂਨਿਟ ਮੁਫਤ ਬਿਜਲੀ, ਔਰਤਾਂ ਦੀ ਮੁਫਤ ਬੱਸ ਸਫ਼ਰ ਸਹੂਲਤ, ਨਹਿਰੀ ਪਾਣੀ ਦੀ ਪੂਰਨ ਵਿਵਸਥਾ ਅਤੇ ਖੇਤਾਂ ਲਈ ਦਿਨ ਵੇਲੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਸਰਕਾਰ ਦੀਆਂ ਅਹਿਮ ਪ੍ਰਾਪਤੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਅਤੇ 40 ਹਜ਼ਾਰ ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਦੇ ਨਾਲ ਨਾਲ ਉਨ੍ਹਾਂ ਨੂੰ ਚੌੜੀਆਂ ਕਰਨ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਂਦੇ ਇਕ ਸਾਲ ਵਿਚ ਪੰਜਾਬ ’ਚ ਇਤਿਹਾਸਕ ਕੰਮ ਹੋਣਗੇ ਜਿਸ ਦੇ ਆਧਾਰ ਤੇ ਹੀ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਵੋਟਾਂ ਮੰਗੇਗੀ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਆਪ ਦੇ ਯੂਥ ਵਿੰਗ ਦੇ ਹਲਕਾ ਕੋਆਰਡੀਨੇਟਰ ਮਨਵੀਰ ਸਿੰਘ ਸੰਧੂ, ਸਰਪੰਚ ਤਲਵਿੰਦਰ ਸਿੰਘ ਤੇ ਸਰਪੰਚ ਚਰਨਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ।