23 ਮਾਰਚ ਨੂੰ ਸਾਮਰਾਜਵਾਦ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਫੈਸਲਾ
23 ਮਾਰਚ ਨੂੰ ਸਾਮਰਾਜਵਾਦ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਫੈਸਲਾ
Publish Date: Tue, 17 Mar 2026 04:36 PM (IST)
Updated Date: Tue, 17 Mar 2026 04:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟਰੇਡ ਯੂਨੀਅਨਾਂ, ਮੁਲਾਜ਼ਮ ਫੈਡਰੇਸ਼ਨਾਂ,ਬਿਜਲੀ ਮੁਲਾਜ਼ਮ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਦੀ ਇਕ ਅਹਿਮ ਸਾਂਝੀ ਮੀਟਿੰਗ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਦਰਸ਼ਨ ਸਿੰਘ ਬੇਲੂਮਾਜਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਆਗੂਆਂ ਨੇ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਸ ਦਿਨ ਨੂੰ ਸਾਮਰਾਜਵਾਦ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ। ਆਗੂਆਂ ਨੇ ਕਿਹਾ ਕਿ ਸ਼ਹੀਦਾਂ ਨੇ ਜਿਸ ਆਜ਼ਾਦ ਅਤੇ ਬਰਾਬਰੀ ਵਾਲੇ ਦੇਸ਼ ਦਾ ਸੁਪਨਾ ਦੇਖਿਆ ਸੀ। ਕੇਂਦਰ ਸਰਕਾਰ ਸਾਮਰਾਜੀ ਮੁਲਕਾਂ ਦੇ ਦਬਾਅ ਹੇਠ ਦੇਸ਼ ਦੇ ਕਿਰਤੀ ਲੋਕਾਂ ਦੇ ਹਿੱਤ ਵੇਚ ਕੇ ਕਾਰਪੋਰੇਟ ਘਰਾਣਿਆਂ ਤੇ ਵਿਦੇਸ਼ੀ ਤਾਕਤਾਂ ਨੂੰ ਲਾਹਾ ਦੇਣ ਵਾਲੇ ਲੋਕ-ਵਿਰੋਧੀ ਕਾਨੂੰਨ ਬਣਾ ਰਹੀ ਹੈ। ਤਹਿਸੀਲ ਪੱਧਰ ਤੇ ਕੀਤੇ ਜਾਣ ਵਾਲੇ ਇਹਨਾਂ ਰੋਸ ਪ੍ਰਦਰਸ਼ਨਾਂ ਵਿੱਚ ਭਾਰਤ-ਅਮਰੀਕਾ ਮੁਫ਼ਤ ਵਪਾਰ ਸਮਝੌਤੇ ਦਾ ਵਿਰੋਧ,ਬਿਜਲੀ ਸੋਧ ਬਿੱਲ 2025 ਅਤੇ ਬੀਜ ਬਿੱਲ ਨੂੰ ਰੱਦ ਕਰਵਾਉਣ, 1 ਅਪ੍ਰੈਲ ਤੋਂ ਲਾਗੂ ਕੀਤੇ ਜਾ ਰਹੇ ਚਾਰ ਲੇਬਰ ਕੋਡਾਂ ਅਤੇ ਜੀ ਰਾਮ ਜੀ ਵਰਗੀਆਂ ਕਿਰਤ ਵਿਰੋਧੀ ਸਕੀਮਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਅਮਰੀਕਾ ਵੱਲੋਂ ਵਿਸ਼ਵ ਪੱਧਰ ਤੇ ਆਪਣੀ ਚੌਧਰ ਕਾਇਮ ਰੱਖਣ ਲਈ ਜੰਗਾਂ ਰਾਹੀਂ ਕੀਤੇ ਜਾ ਰਹੇ ਨਿਰਦੋਸ਼ ਲੋਕਾਂ ਦੇ ਘਾਣ ਦੀ ਸਖ਼ਤ ਨਿਖੇਧੀ ਕੀਤੀ। ਇਸ ਦੇ ਰੋਸ ਵਜੋਂ 23 ਮਾਰਚ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਪੁਤਲੇ ਫੂਕੇ ਜਾਣਗੇ। ਇਨ੍ਹਾਂ ਐਕਸ਼ਨਾਂ ਦੀ ਸਫਲਤਾ ਲਈ 18 ਮਾਰਚ ਨੂੰ ਬਲਾਕ ਪੱਧਰੀ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਮੀਟਿੰਗ ਵਿਚ ਧਰਮਪਾਲ ਸੀਲ, ਰਮਿੰਦਰ ਸਿੰਘ ਪਟਿਆਲਾ, ਕੁਲਵੰਤ ਸਿੰਘ ਮੌਲਵੀਵਾਲਾ, ਬਲਰਾਜ ਜੋਸ਼ੀ,ਹਰਭਜਨ ਸਿੰਘ ਧੂਹੜ,ਅਵਤਾਰ ਸਿੰਘ ਕੋਰਜੀਵਾਲਾ,ਪਵਨ ਸ਼ੋਗਲ ਪੁਰ,ਹਰਬੰਸ ਸਿੰਘ ਦਦਹੈੜਾ, ਦਵਿੰਦਰ ਸਿੰਘ ਪੂਨੀਆ, ਉੱਤਮ ਬਾਗੜੀ, ਗੁਰਚਰਨ ਸਿੰਘ,ਸੁਖਦੇਵ ਰਾਮ ਸੁਖੀ,ਧਰਮਪਾਲ ਲੋਟ, ਦੀਪਕ ਕੁਮਾਰ,ਮੰਗਤ ਸਿੰਘ ਅਤੇ ਬਲਜਿੰਦਰ ਖੇੜੀ ਆਦਿ ਸ਼ਾਮਿਲ ਸਨ।