ਗਰਭਵਤੀ ਔਰਤਾਂ ਦੀ ਨਿਯਮਿਤ ਸਿਹਤ ਜਾਂਚ ਕੀਤੀ
ਗਰਭਵਤੀ ਔਰਤਾਂ ਦੀ ਨਿਯਮਤ ਸਿਹਤ ਜਾਂਚ ਕੀਤੀ
Publish Date: Thu, 23 Apr 2026 04:20 PM (IST)
Updated Date: Thu, 23 Apr 2026 04:25 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਿਵ ਅਭਿਆਨ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅਧੀਨ ਆਉਂਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਦੂਜੀ ਅਤੇ ਤੀਜੀ ਤਿਮਾਹੀ ਵਾਲੀਆਂ ਔਰਤਾਂ ਦਾ ਡਾਕਟਰੀ ਚੈੱਕਅਪ ਕਰਨ ਲਈ ਵਿਸ਼ੇਸ਼ ਕੈਂਪ ਲਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਨੇ ਕਿਹਾ ਕਿ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰੇਕ ਮਹੀਨੇ ਦੇ 9 ਅਤੇ 23 ਤਰੀਕ ਨੂੰ ਜ਼ਿਲ੍ਹਾ ਹਸਪਤਾਲ, ਸਬ ਡਵੀਜ਼ਨਲ ਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਗਰਭਵਤੀ ਔਰਤਾਂ ਦੀ ਸਿਹਤ ਜਾਂਚ ਲਈ ਵਿਸ਼ੇਸ਼ ਕੈਂਪ ਲਾਏ ਜਾਂਦੇ ਹਨ। ਕੈਂਪ ਵਿੱਚ ਸਾਰੀਆਂ ਗਰਭਵਤੀ ਔਰਤਾਂ ਦਾ ਵਿਸ਼ੇਸ਼ ਐਂਟੀਨੇਟਲ ਚੈੱਕਅਪ ਕਰ ਕੇ ਸਾਰੀਆਂ ਲੁੜੀਂਦੀਆਂ ਸਿਹਤ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸਿਵਲ ਸਰਜਨ ਨੇ ਦੱਸਿਆ ਕਿ ਅਜਿਹੇ ਕੈਂਪਾਂ ਦਾ ਮਕਸਦ ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ ਕਰ ਕੇ ਖਤਰੇ ਵਾਲੇ ਜਨੇਪਿਆਂ ਜਿਵੇਂ ਬਲੱਡ ਪ੍ਰੈਸ਼ਰ ਦਾ ਵਧਣਾ, ਖੂਨ ਦਾ ਘਟਨਾ, ਸ਼ੂਗਰ ਰੋਗ ਆਦਿ ਦੀ ਭਾਲ ਕਰ ਕੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਕਰਨਾ ਹੈ, ਤਾਂ ਜੋ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਮਾਵਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ ਅਤੇ ਜੱਚਾ ਬੱਚਾ ਤੰਦਰੁਸਤ ਰਹਿਣ। ਇਨ੍ਹਾਂ ਕੈਂਪਾਂ ਵਿੱਚ ਗਰਭਵਤੀ ਔਰਤਾਂ ਦੇ ਚੈੱਕ ਅਪ ਦੇ ਨਾਲ ਨਾਲ ਬਲੱਡ ਪ੍ਰੈਸ਼ਰ, ਖੂਨ ਦੀ ਜਾਂਚ, ਐਚ.ਆਈ.ਵੀ ਟੈਸਟ, ਸ਼ੂਗਰ ਤੇ ਹੋਰ ਲੱਛਣਾਂ ਦੀ ਵੀ ਜਾਂਚ ਕੀਤੀ ਜਾਂਦੀ ਹੈ। ਗਰਭਵਰਤੀ ਔਰਤਾਂ ਨੂੰ ਸਿਹਤ ਸਿੱਖਿਆ ਵੀ ਦਿੱਤੀ ਜਾਂਦੀ ਹੈ ਕਿ ਉਹ ਹਰੀਆਂ ਪੱਤੇਦਾਰ ਸਬਜ਼ੀਆਂ, ਫਲ ਫਰੂਟ ਖਾਣ, ਆਈਓਡੀਨ ਯੁਕਤ ਨਮਕ ਦਾ ਇਸਤੇਮਾਲ ਕਰਨ, ਪਨੀਰ, ਅੰਡੇ, ਦਾਲਾਂ ਆਦਿ ਦੀ ਵਰਤੋਂ ਕਰਨ ਅਤੇ ਜੱਚਾ ਬੱਚਾ ਦੀ ਤੰਦਰੁਸਤੀ ਲਈ ਵਾਧੂ ਖੁਰਾਕ ਖਾਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਗਰਭਵਤੀ ਔਰਤਾਂ ਨੂੰ ਰਿਫਰੈਸ਼ਮੈਂਟ ਦੀ ਵੰਡ ਵੀ ਕੀਤੀ ਜਾਂਦੀ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਮੰਤਵ ਨੂੰ ਪੂਰਾ ਕੀਤਾ ਜਾ ਸਕੇ।