ਛੁੱਟੀ ਵਾਲੇ ਦਿਨ ਵੀ ਮੇਅਰ ਰਹੇ ਆਨ ਡਿਊਟੀ
ਛੁੱਟੀ ਵਾਲੇ ਦਿਨ ਵੀ ਮੇਅਰ ਆਨ ਡਿਊਟੀ:
Publish Date: Sun, 22 Mar 2026 04:55 PM (IST)
Updated Date: Sun, 22 Mar 2026 04:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਨੂੰ ਸਫ਼ਾਈ ਪੱਖੋਂ ਪੰਜਾਬ ਦਾ ਨੰਬਰ ਇੱਕ ਸ਼ਹਿਰ ਬਣਾਉਣ ਦੇ ਮਕਸਦ ਨਾਲ ਮੇਅਰ ਕੁੰਦਨ ਗੋਗੀਆ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੇ ਹਨ। ਅੱਜ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਮੇਅਰ ਆਨ ਡਿਊਟੀ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਕੂੜੇ ਦੇ ਨਿਪਟਾਰੇ ਲਈ ਚੱਲ ਰਹੇ ਕਾਰਜਾਂ ਦਾ ਖੁਦ ਜਾਇਜ਼ਾ ਲਿਆ। ਮੇਅਰ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਾਸੀਆਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਨਗਰ ਨਿਗਮ ਦਿਨ-ਰਾਤ ਕੰਮ ਕਰ ਰਿਹਾ ਹੈ। ਨਿਰੀਖਣ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਮੁੱਖ ਗਾਰਬੇਜ ਡੰਪਾਂ ਅਤੇ ਹੋਰ ਸਫ਼ਾਈ ਪੁਆਇੰਟਾਂ ਤੇ ਤਾਇਨਾਤ ਜੇ.ਸੀ.ਬੀ. ਚਾਲਕਾਂ ਅਤੇ ਸਫ਼ਾਈ ਸਟਾਫ਼ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਮੁਲਾਜ਼ਮਾਂ ਤੋਂ ਹੁਣ ਤੱਕ ਚੁੱਕੇ ਗਏ ਕੂੜੇ ਅਤੇ ਰਹਿੰਦੇ ਕੰਮ ਦੀ ਵਿਸਥਾਰਪੂਰਵਕ ਰਿਪੋਰਟ ਮੰਗੀ। ਮੇਅਰ ਨੇ ਹਦਾਇਤ ਕੀਤੀ ਕਿ ਕੂੜੇ ਦੇ ਨਿਪਟਾਰੇ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਤੈਅ ਸਮੇਂ ਅੰਦਰ ਸ਼ਹਿਰ ਦੇ ਡੰਪਾਂ ਨੂੰ ਸਾਫ਼ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਹੋਈ ਐੱਫਐਂਡਸੀਸੀ ਮੀਟਿੰਗ ਵਿਚ ਸ਼ਹਿਰ ਵਿਚ ਸਫ਼ਾਈ ਮੁਹਿੰਮ ਲਈ ਸੀਵਰੇਜ ਅਤੇ ਸੜਕਾਂ ਤੇ ਵਿਸ਼ੇਸ਼ ਜ਼ੋਰ ਦਿੰਦਿਆਂ 3.5 ਕਰੋੜ, ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਮੇਅਰ ਨੇ ਹੋਰ ਦੱਸਿਆ ਕਿ ਜੇ.ਸੀ.ਬੀ. ਅਤੇ ਹੋਰ ਮਸ਼ੀਨਰੀ ਦੀ ਵਰਤੋਂ ਰਾਹੀਂ ਕੂੜੇ ਦੀ ਸਾਭ-ਸੰਭਾਲ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਸ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਖੁਦ ਨਿਗਮ ਸਟਾਫ ਡਿਜੀਟਲ ਤਰੀਕੇ ਨਾਲ ਕਰ ਰਿਹਾ ਹੈ ਤਾਂ ਜੋ ਕੰਮ ਵਿੱਚ ਪਾਰਦਰਸ਼ਤਾ ਬਣੀ ਰਹੇ। ਗੱਲਬਾਤ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਕਿਹਾ, ਪਟਿਆਲਾ ਮੇਰਾ ਪਰਿਵਾਰ ਹੈ ਅਤੇ ਆਪਣੇ ਸ਼ਹਿਰ ਦੀ ਸਫ਼ਾਈ ਲਈ ਮੇਰੇ ਲਈ ਕੋਈ ਛੁੱਟੀ ਨਹੀਂ ਹੈ। ਅਸੀਂ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਾਂ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਅਤੇ ਹੋਰ ਸਟਾਫ਼ ਵੀ ਮੌਜੂਦ ਸੀ।