ਮੇਅਰ ਨੇ ਸਿਹਤ ਬੀਮਾ ਯੋਜਨਾ ਹੈਲਥ ਕਾਰਡਾਂ ਬਣਵਾਉਣ ਦੀ ਕੀਤੀ ਸ਼ੁਰੂਆਤ
ਮੇਅਰ ਨੇ ਸਿਹਤ ਬੀਮਾ ਯੋਜਨਾ ਹੈਲਥ ਕਾਰਡਾਂ ਬਣਵਾਉਣ ਦੀ ਕੀਤੀ ਸ਼ੁਰੂਆਤ
Publish Date: Sat, 24 Jan 2026 04:34 PM (IST)
Updated Date: Sat, 24 Jan 2026 04:37 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਮੇਅਰ ਨੇ ਪਟਿਆਲਵੀਆਂ ਲਈ ਘਰ-ਘਰ ਸਿਹਤ ਸਹੂਲਤਾਂ ਪਹੁੰਚਾਉਣ ਦੇ ਮੰਤਵ ਨਾਲ ਆਪਣੇ ਹੀ ਵਾਰਡ ਨੰਬਰ 30 ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੈਲਥ ਕਾਰਡ ਬਣਵਾਉਣ ਦੀ ਸ਼ੁਰੂਆਤ ਕਾਰਵਾਈ। ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਵਸਨੀਕਾਂ ਨੇ ਹਾਜ਼ਰੀ ਭਰੀ ਅਤੇ ਇਸ ਦੌਰਾਨ ਯੋਜਨਾ ਪ੍ਰਤੀ ਖਾਸ ਉਤਸ਼ਾਹ ਵੀ ਵੇਖਣ ਨੂੰ ਮਿਲਿਆ। ਇਸ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਆਮ ਲੋਕਾਂ ਲਈ ਵੱਡਾ ਵਰਦਾਨ ਸਾਬਤ ਹੋਵੇਗੀ। ਇਸ ਯੋਜਨਾ ਤਹਿਤ ਹਰ ਯੋਗ ਪਰਿਵਾਰ ਨੂੰ 10 ਲੱਖ ਰੁਪਏ ਤਕ ਦਾ ਮੁਫ਼ਤ ਇਲਾਜ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਮਿਲੇਗਾ, ਜਿਸ ਨਾਲ ਮਹਿੰਗੇ ਇਲਾਜ ਦੀ ਚਿੰਤਾ ਤੋਂ ਲੋਕਾਂ ਨੂੰ ਮੁਕਤੀ ਮਿਲੇਗੀ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਹੀ ਮਜ਼ਬੂਤ ਸਮਾਜ ਦੀ ਨੀਂਹ ਹੁੰਦਾ ਹੈ ਅਤੇ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਕੋਈ ਵੀ ਨਾਗਰਿਕ ਸਿਰਫ਼ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ। ਵਿਕਾਸ ਕਾਲੋਨੀ ਵਿੱਚ ਹੈਲਥ ਕਾਰਡਾਂ ਦੀ ਸ਼ੁਰੂਆਤ ਕਰਨਾ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਮੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਦਾ ਪੂਰਾ ਲਾਭ ਲੈਣ ਅਤੇ ਜਿਨ੍ਹਾਂ ਪਰਿਵਾਰਾਂ ਨੇ ਹਾਲੇ ਤਕ ਆਪਣੇ ਹੈਲਥ ਕਾਰਡ ਨਹੀਂ ਬਣਵਾਏ, ਉਹ ਜਲਦੀ ਤੋਂ ਜਲਦੀ ਰਜਿਸਟ੍ਰੇਸ਼ਨ ਕਰਵਾਉਣ। ਉਨ੍ਹਾਂ ਦੱਸਿਆ ਕਿ ਹੈਲਥ ਕਾਰਡ ਬਣਵਾਉਣ ਦੀ ਪ੍ਰਕਿਰਿਆ ਬਹੁਤ ਸੌਖੀ ਹੈ ਅਤੇ ਸਥਾਨਕ ਪੱਧਰ ’ਤੇ ਕੈਂਪ ਲਗਾ ਕੇ ਲੋਕਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਮੇਅਰ ਕੁੰਦਨ ਗੋਗੀਆ ਤੋਂ ਇਲਾਵਾ ਯੂਥ ਕੋਆਰਡੀਨੇਟਰ ਹਰਮਨ ਸੰਧੂ, ਬਲਾਕ ਕੋਆਰਡੀਨੇਟਰ ਅਨਿਸ਼ਤ ਤਨੇਜਾ, ਬਲਾਕ ਪ੍ਰਧਾਨ ਸੁਸ਼ੀਲ ਮਿੱਡਾ, ਬਲਾਕ ਪ੍ਰਧਾਨ ਕ੍ਰਿਸ਼ਨ ਕੁਮਾਰ ਸਥਾਨਕ ਕੌਂਸਲਰ, ਰਜਿੰਦਰ ਕੁਮਾਰ, ਨੀਲਾ ਕਾਂਤ ਲੱਕੀ, ਰਜਿੰਦਰ ਮੋਹਨ, ਇੰਦਰਜੀਤ ਸਿੰਘ ਅਤੇ ਹੋਰ ਇਲਾਕਾ ਵਾਸੀ ਵੀ ਮੌਜੂਦ ਰਹੇ। ਇਸ ਮੌਕੇ ਮੇਅਰ ਨੇ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪ ਲਗਾਏ ਜਾਣਗੇ ਤਾਂ ਜੋ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਜਾਣਕਾਰੀ ਹਰ ਘਰ ਤਕ ਪਹੁੰਚ ਸਕੇ ਅਤੇ ਪਟਿਆਲਾ ਨੂੰ ਇੱਕ ਸਿਹਤਮੰਦ ਅਤੇ ਖੁਸ਼ਹਾਲ ਸ਼ਹਿਰ ਬਣਾਇਆ ਜਾ ਸਕੇ।