ਐੱਮਪੀ ਡਾ. ਗਾਂਧੀ ਨੂੰ ਮੁਸ਼ਕਿਲਾਂ ਤੋਂ ਕਰਾਇਆ ਜਾਣੂ
ਚੁਨਾਗਰਾ ਅਤੇ ਦਿਓਗੜ ਦੀਆਂ ਦੁੱਖ ਤਕਲੀਫਾਂ ਦੇ ਹੱਲ ਲਈ ਮੱਟੂ ਨੇ ਖੜਕਾਇਆ ਦਰਵਾਜ਼ਾ
Publish Date: Wed, 18 Mar 2026 04:51 PM (IST)
Updated Date: Wed, 18 Mar 2026 04:52 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪਿਛਲੇ ਲੰਬੇ ਅਰਸੇ ਤੋਂ ਪਿੰਡਾਂ ਵਿਚ ਮੁੱਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਲਕਾ ਸ਼ੁਤਰਾਣਾ ਦੇ ਲੋਕਾਂ ਦੇ ਮੁੱਦਿਆਂ ਨੂੰ ਲਾਗਾਤਰ ਸਰਕਾਰੇ ਦਰਬਾਰੇ ਚੁੱਕ ਕੇ ਹੱਲ ਕਰਵਾਉਣ ਲਈ ਹਲਕਾ ਸ਼ੁਤਰਾਣਾ ਦੇ ਨੌਜਵਾਨ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਪਿੰਡ ਚੁਨਾਗਰਾ ਤੇ ਪਿੰਡ ਦਿਓਗੜ੍ਹ ਦੇ ਲੋਕਾਂ ਦੀਆਂ ਸਾਂਝੀਆਂ ਸਮੱਸਿਆਵਾਂ ਦੇ ਹੱਲ ਲਈ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਦਾ ਦਰਵਾਜ਼ਾ ਖੜਕਾਇਆ ਹੈ। ਇਸ ਮੌਕੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੂੰ ਪਿੰਡ ਚੁਨਾਗਰਾ ਵਿੱਚ ਬੰਦ ਪਏ ਵਾਟਰ ਵਰਕਸ ਅਤੇ ਪਿੰਡ ਦੇ ਐਸ.ਸੀ ਭਾਈਚਾਰੇ ਦੀ ਧਰਮਸ਼ਾਲਾ ਵਿੱਚ ਲੋਕਾਂ ਦੇ ਦੁੱਖ ਸੁੱਖ ਦੇ ਛੋਟੇ ਮੋਟੇ ਸਮਾਗਮਾਂ ਲਈ ਸ਼ੈੱਡ ਨਾ ਹੋਣ ਦਾ ਮਾਮਲਾ ਰੱਖਿਆ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਲੋਕਾਂ ਨੇ ਬਦਲਾਅ ਵਾਲੀ ਸਰਕਾਰ ਨੂੰ ਚੁਣਿਆ ਪਰ ਚਾਰ ਸਾਲਾਂ ਤੋਂ ਹਲਕੇ ਅੰਦਰ ਵਿਕਾਸ ਕਾਰਜ ਠੱਪ ਹਨ। ਪਿੰਡਾਂ ਦੇ ਲੋਕ ਮਾਰੇ ਮਾਰੇ ਫਿਰ ਰਹੇ ਹਨ, ਲੋਕਾਂ ਨੂੰ ਨਾ ਪੀਣ ਲਈ ਸਾਫ ਸੁਥਰਾ ਪਾਣੀ ਮਿਲ ਰਿਹਾ ਹੈ ਅਤੇ ਨਾ ਹੀ ਆਮ ਸਹੂਲਤਾਂ। ਇਸੇ ਤਰਾਂ ਪਿੰਡ ਦਿਓਗੜ ਦੇ ਧਾਰਮਿਕ ਸਥਾਨ ‘ਤੇ ਵੀ ਸ਼ੈੱਡ ਬਣਾਉਣ ਦੀ ਮੰਗ ਵੀ ਮੈਂਬਰ ਪਾਰਲੀਮੈਂਟ ਕੋਲ ਰੱਖੀ ਗਈ। ਇਸ ਮੌਕੇ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਪਿੰਡਾਂ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ। ਇਸ ਮੌਕੇ ਪਿੰਡ ਚੁਨਾਗਰਾ ਤੋਂ ਮੈਂਬਰ ਪੰਚਾਇਤ ਕਰਮ ਸਿੰਘ, ਮੈਂਬਰ ਪੰਚਾਇਤ ਭਰਪੂਰ ਸਿੰਘ, ਕ੍ਰਿਸ਼ਨ ਸਿੰਘ, ਪ੍ਰਿਤਪਾਲ ਸਿੰਘ, ਗਾਮਾ ਸਿੰਘ, ਪਿੰਡ ਦਿਓਗੜ੍ਹ ਤੋਂ ਭਗਵਾਨ ਸਿੰਘ, ਜਗਦੇਵ ਸਿੰਘ, ਹਾਕਮ ਸਿੰਘ, ਕਰਨੈਲ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।