ਆਸਥਾ ਦਾ ਕੇਂਦਰ ਬਣਿਆ ਮਾਤਾ ਮਹਾਕਾਲੀ ਦੇਵੀ ਮੰਦਰ
ਆਸਥਾ ਦਾ ਕੇਂਦਰ ਬਣਿਆ ਮਾਤਾ ਮਹਾਕਾਲੀ ਦੇਵੀ ਮੰਦਰ
Publish Date: Fri, 20 Mar 2026 04:28 PM (IST)
Updated Date: Sat, 21 Mar 2026 04:04 AM (IST)

ਚੇਤ ਨਰਾਤਿਆਂ ਮੌਕੇ ਵੱਡੀ ਗਿਣਤੀ ਪਹੁੰਚ ਰਹੇ ਸ਼ਰਧਾਲੂ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਚੇਤ ਨਰਾਤਿਆਂ ਦੇ ਮੱਦੇਨਜ਼ਰ ਇਨੀਂ-ਦਿਨੀਂ ਮੰਦਰ ਮਾਤਾ ਮਹਾਂਕਾਲੀ ਦੇਵੀ ਲੋਕਾਂ ਲਈ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ। ਸਵੇਰੇ ਤੇ ਸ਼ਾਮ ਮੰਦਰ ਵਿਚ ਮੱਥਾ ਟੇਕਣ ਵਾਲੇ ਸ਼ਰਧਾਲੂ ਵੱਡੀ ਗਿਣਤੀ ਪੁੱਜ ਰਹੇ ਹਨ। ਇਸ ਦੌਰਾਨ ਜਿੱਥੇ ਮੰਦਰ ਨੂੰ ਖੂਬਸੂਰਤ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ, ਉੱਥੇ ਹੀ ਮੰਦਰ ਦੇ ਬਾਹਰ ਸਜੀਆਂ ਦੁਕਾਨਾਂ ਤੇ ਲੋਕਾਂ ਦੀ ਲੱਗੀ ਭੀੜ ਮੇਲੇ ਜਿਹਾ ਨਜਾਰਾ ਪੇਸ਼ ਕਰਦੀ ਹੈ। ਮੌਸਮ ਖ਼ਰਾਬ ਹੋਣ ਦੇ ਬਾਵਜੂਦ ਲੋਕ ਸਵੇਰੇ ਤੇ ਸ਼ਾਮ ਨੂੰ ਮੱਥਾ ਟੇਕਣ ਲਈ ਮੰਦਰ ਜਾ ਰਹੇ ਹਨ। ਕਈ ਲੋਕ ਖ਼ਰਾਬ ਮੌਸਮ ਦੀ ਪਰਵਾਹ ਕੀਤਿਆਂ ਹੀ ਨੰਗੇ ਪੈਰ ਮੰਦਰ ਜਾ ਰਹੇ ਹਨ। ਸੁਰੱਖਿਆ ਦੇ ਮੱਦੇਨਜਰ ਪੁਲਿਸ ਵੱਲੋਂ ਚੰਗੇ ਪ੍ਰਬੰਧ ਕੀਤੇ ਗਏ। ਜ਼ਿਕਰਯੋਗ ਹੈ ਕਿ ਨਰਾਤਿਆਂ ਨੂੰ ਲੈ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਸੁੰਦਰ ਲਾਈਟਾਂ ਤੇ ਰੰਗੋਲੀ ਨਾਲ ਸਜੇ ਹੋਏ ਸਨ। ਵੱਡੀ ਗਿਣਤੀ ਵਿਚ ਲੋਕਾਂ ਨੇ ਪਰਿਵਾਰ ਤੇ ਬੱਚਿਆਂ ਸਮੇਤ ਹਿੱਸਾ ਲੈ ਕੇ ਖਰੀਦਦਾਰੀ ਕੀਤੀ ਤੇ ਮਾਤਾ ਦੀ ਪੂਜਾ ਕਰ ਕੇ ਪਰਿਵਾਰ ਦੀ ਸਿਹਤ ਤੇ ਖੁਸ਼ਹਾਲੀ ਲਈ ਪ੍ਰਾਥਨਾ ਕੀਤੀ। ਸ਼ਹਿਰ ਦੇ ਮੁੱਖ ਬਾਜ਼ਾਰ ਪੋਸਟ ਆਫਿਸ, ਸੁਨਾਮੀ ਗੇਟ, ਧੂਰੀ ਗੇਟ, ਪਟਿਆਲਾ ਗੇਟ, ਰੌਕਸੀ ਰੋਡ ਅਤੇ ਸਬਜ਼ੀ ਮੰਡੀ ਰੋਡ ’ਤੇ ਨਰਾਤਿਆਂ ਨਾਲ ਸਬੰਧਤ ਸਮੱਗਰੀ, ਮਿਠਾਈ ਦੀਆਂ ਦੁਕਾਨਾਂ, ਫਲਾਂ ਤੇ ਧਾਰਮਿਕ ਸਮੱਗਰੀ ਦੀਆਂ ਦੁਕਾਨਾਂ ’ਤੇ ਲੋਕਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ। ਸ਼ਿਵ ਮੰਦਰ ਬਗੀਚੀਵਾਲਾ ਦੇ ਪੰਡਤ ਬ੍ਰਿਜੇਸ਼ ਦੀਕਸ਼ਤ ਨੇ ਦੱਸਿਆ ਕਿ ਚੇਤ ਨਰਾਤਿਆਂ ਵਿਚ ਮਾਤਾ ਸ਼ਕਤੀ ਦੀ ਉਪਾਸਨਾ ਦਾ ਮਹੱਤਵਪੂਰਨ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਇਨ੍ਹਾਂ ਦਿਨਾਂ ਮਾਤਾ ਦੇ ਨੌਂ ਸਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਵਾਰ ਮਾਤਾ ਦਾ ਪਾਲਕੀ ‘ਤੇ ਆਗਮਨ ਵਿਸ਼ੇਸ਼ ਫਲਦਾਇਕ ਮੰਨਿਆ ਜਾ ਰਿਹਾ ਹੈ। ਗਾਹਕਾਂ ਨਾਲ ਰੌਣਕਮਈ ਰਹੇ ਬਾਜ਼ਾਰ ਸ਼ਹਿਰ ਦੇ ਲਗਪਗ ਸਾਰੇ ਬਾਜ਼ਾਰ ਅਤੇ ਚੌਕ ਵੱਖ-ਵੱਖ ਸਮਾਨ ਨਾਲ ਸਜੇ ਹੋਏ ਸਨ। ਮਿਠਾਈ ਅਤੇ ਸਜਾਵਟੀ ਚੀਜ਼ਾਂ ਦੀਆਂ ਦੁਕਾਨਾਂ ‘ਤੇ ਵੀ ਚੰਗੀ ਭੀੜ ਵੇਖਣ ਨੂੰ ਮਿਲੀ। ਔਰਤਾਂ ਵੱਲੋਂ ਮਾਤਾ ਦੀ ਚੁੰਨੀ, ਨਾਰੀਅਲ, ਫੁੱਲ ਅਤੇ ਹੋਰ ਸਮੱਗਰੀ ਦੀ ਖਰੀਦਦਾਰੀ ਕੀਤੀ ਗਈ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਦੁਕਾਨਾਂ ਵਿੱਚ ਨੌਂ ਦਿਨ ਤੱਕ ਰੌਣਕ ਬਣੀ ਰਹੇਗੀ। ਪਟਿਆਲਾ ਗੇਟ ਟੁੱਟੀ ਸੜਕ ਤੋਂ ਸ਼ਰਧਾਲੂ ਪਰੇਸ਼ਾਨ ਸ਼ਹਿਰ ਦੇ ਪਟਿਆਲਾ ਗੇਟ ਥਾਂ-ਥਾਂ ਤੋ ਟੁੱਟੀ ਸੜਕ ਮੰਦਰ ਜਾਣ ਵਾਲੇ ਸ਼ਰਧਾਲੂਆਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ। ਕਿਉਕਿ ਇਸ ਸੜਕ ਵਿੱਚ ਕਈ ਥਾਂ ਟੋਏ ਬਣੇ ਹੋਏ ਹਨ। ਜਿਸ ਤੇ ਤੁਰਨਾ ਕਾਫੀ ਔਖਾ ਹੈ। ਵਾਹਨ ਚਾਲਕ ਜਿੱਥੇ ਸੜਕ ਤੇ ਜਾਂਦੇ ਸਮੇ ਹਿਚਕੋਲੇ ਖਾਂਦੇ ਹਨ, ਉੱਥੇ ਪੈਦਲ ਖਾਸ ਕਰਕੇ ਨੰਗੇ ਪੈਰ ਮੰਦਰ ਜਾਣ ਵਾਲੇ ਸ਼ਰਧਾਲੂਆਂ ਨੂੰ ਹੋਰ ਵੀ ਜਿਆਦਾ ਔਖਾ ਹੋ ਗਿਆ ਹੈ। ਸ਼ਹਿਰ ਦੇ ਮੁੱਖ ਬਜ਼ਾਰ ਦੀ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਲੋਕਾਂ ਅਤੇ ਇੱਥੇ ਦੋ ਦੁਕਾਨਦਾਰਾਂ ਵਿੱਚ ਵੀ ਰੋਸ ਹੈ।