ਮਾਤਾ ਗੁਜਰੀ ਸਕੂਲ ਦੇਵੀਗਡ਼੍ਹ ਵਿਖੇ ਕਰੀਅਰ ਕੌਂਸਲਿੰਗ ਸੈਮੀਨਾਰ
ਮਾਤਾ ਗੁਜਰੀ ਸਕੂਲ ਦੇਵੀਗਡ਼੍ਹ ਵਿਖੇ ਕਰੀਅਰ ਕੌਂਸਲਿੰਗ ਸੈਮੀਨਾਰ ਆਯੋਜਿਤ
Publish Date: Tue, 03 Feb 2026 05:36 PM (IST)
Updated Date: Tue, 03 Feb 2026 05:38 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮਡ਼ਾ ਦੇਵੀਗਡ਼੍ਹ ਵਿਖੇ ਕਰੀਅਰ ਕੌਂਸਲਿੰਗ ਸੈਮੀਨਾਰ ਕਰਵਾਇਆ ਗਿਆ। ਕਰੀਅਰ ਕੌਂਸਲਿੰਗ ਲਈ ਪ੍ਰਸਿੱਧ ਕਰੀਅਰ ਕੌਂਸਲਰ ਮਾਨਿਕ ਰਾਜ ਸਿੰਗਲਾ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ ਦਿੱਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਤੇ ਮਾਪਿਆਂ ਨਾਲ ਰੂਬਰੂ ਸੰਵਾਦ ਕੀਤਾ ਗਿਆ। ਇਹ ਸੈਮੀਨਾਰ ਸਕੂਲ ਪ੍ਰਿੰਸੀਪਲ ਮਮਤਾ ਮੱਕਡ਼ ਦੀ ਅਗਵਾਈ ਹੇਠ ਕਰਵਾਇਆ ਗਿਆ। ਸੈਮੀਨਾਰ ਵਿਚ ਤਕਰੀਬਨ 400 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਕਰੀਅਰ ਵਿਕਲਪਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਸਕੂਲ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਦਸਵੀਂ ਜਮਾਤ ਤੋਂ ਬਾਅਦ ਵਿਦਿਆਰਥੀਆਂ ਵਿੱਚ ਅਕਸਰ ਇਹ ਉਲਝਣ ਹੁੰਦੀ ਹੈ ਕਿ ਉਹ ਕਿਸ ਖੇਤਰ ਵਿੱਚ ਆਪਣਾ ਕਰੀਅਰ ਬਣਾਉਣ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਇਹ ਵਿਸ਼ੇਸ਼ ਕਰੀਅਰ ਕੌਂਸਲਿੰਗ ਸੈਮੀਨਾਰ ਆਯੋਜਿਤ ਕੀਤਾ ਗਿਆ। ਕਰੀਅਰ ਕੌਂਸਲਰ ਮਾਨਿਕ ਰਾਜ ਸਿੰਗਲਾ ਨੇ ਮੈਡੀਕਲ, ਨਾਨ-ਮੈਡੀਕਲ, ਕਾਮਰਸ, ਵੋਕੇਸ਼ਨਲ ਕੋਰਸਾਂ, ਡਿਪਲੋਮਾ, ਇੰਜੀਨੀਅਰਿੰਗ, ਸ਼ੇਅਰ ਬਜ਼ਾਰ, ਆਦਿ ਸਮੇਤ ਵਿਦਿਆਰਥੀਆਂ ਨੂੰ ਵਿਸਤਾਰ ਨਾਲ ਜਾਣੂ ਕਰਵਾਇਆ। ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਉਨ੍ਹਾਂ ਵੱਲੋਂ ਤਸੱਲੀਬਖ਼ਸ਼ ਜਵਾਬ ਦਿੱਤੇ ਗਏ। ਜ਼ਿਕਰਯੋਗ ਹੈ ਕਿ ਮਾਨਿਕ ਰਾਜ ਸਿੰਗਲਾ ਪਟਿਆਲਾ ਸ਼ਹਿਰ ਵਿੱਚ ਹੁਣ ਤੱਕ 30 ਤੋਂ ਵੱਧ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਮੁਫ਼ਤ ਕਰੀਅਰ ਕੌਂਸਲਿੰਗ ਅਤੇ ਗਾਈਡੈਂਸ ਸੈਮੀਨਾਰ ਕਰ ਚੁੱਕੇ ਹਨ। ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਬੰਧਕਾਂ ਡਾਇਰੈਕਟਰ ਭੁਪਿੰਦਰ ਸਿੰਘ, ਪ੍ਰੈਜੀਡੈਂਟ ਰਵਿੰਦਰ ਕੌਰ, ਪ੍ਰਿੰਸੀਪਲ ਮਮਤਾ ਮੱਕਡ਼ ਅਤੇ ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਵਾਲੀਆ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।