ਇਲੈਕਟ੍ਰੋਨਿਕਸ ਗੋਦਾਮ ’ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ
ਇਲੈਕਟ੍ਰੋਨਿਕਸ ਗੋਦਾਮ ’ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ
Publish Date: Tue, 10 Mar 2026 07:09 PM (IST)
Updated Date: Wed, 11 Mar 2026 04:10 AM (IST)

ਫੋਟੋ–25ਕੈਪਸ਼ਨ–ਸੰਗਰੂਰ ਗੋਦਾਮ ਵਿੱਚ ਲੱਗੀ ਅੱਗ। ਫੋਟੋ–26 ਕੈਪਸ਼ਨ–ਸੰਗਰੂਰ ਅੱਗ ਲੱਗਣ ਕਾਰਨ ਉੱਠ ਰਿਹਾ ਧੂੰਏ ਦਾ ਗੁੱਬਾਰ। ਫੋਟੋ–27 ਕੈਪਸ਼ਨ–ਸੰਗਰੂਰ ਅੱਗ ਲੱਗਣ ਤੋ ਬਾਅਦ ਰੋਦੇ ਹੋਏ ਗੋਦਾਮ ਮਾਲਕ। ਜਸਵੀਰ ਸਿੰਘ, ਪੰਜਾਬੀ ਜਾਗਰਣ ਸੰਗਰੂਰ : ਸ਼ਹਿਰ ਦੇ ਨਜ਼ਦੀਕੀ ਉਪਲੀ ਰੋਡ ’ਤੇ ਐੱਲਜੀ ਕੰਪਨੀ ਦੇ ਇਲੈਕਟ੍ਰਾਨਿਕਸ ਗੋਦਾਮ ’ਚ ਮੰਗਲਵਾਰ ਦੁਪਹਿਰ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਨਾਲ ਆਸ-ਪਾਸ ਦੇ ਇਲਾਕੇ ’ਚ ਹਾਹਾਕਾਰ ਮਚ ਗਿਆ। ਗੋਦਾਮ ’ਚ ਏਅਰ ਕੰਡੀਸ਼ਨਰ, ਫ੍ਰਿਜ, ਐੱਲਈਡੀ ਟੀਵੀ, ਕੰਪ੍ਰੈਸ਼ਰ ਸਮੇਤ ਕਈ ਹੋਰ ਇਲੈਕਟ੍ਰਾਨਿਕ ਉਪਕਰਨ ਵੱਡੀ ਮਾਤਰਾ ਵਿੱਚ ਰੱਖੇ ਹੋਏ ਸਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ। ਇਸ ਅੱਗ ’ਚ ਕਾਫ਼ੀ ਸਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ‘ਤੇ ਮੌਜੂਦ ਗੋਦਾਮ ਮਾਲਕ ਅਤੇ ਉਸ ਦੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਅੱਗ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਸੰਗਰੂਰ ਸਮੇਤ ਦਿੜਬਾ, ਧੂਰੀ, ਸੁਨਾਮ ਤੇ ਹੋਰ ਇਲਾਕਿਆਂ ਤੋਂ 8 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਐੱਸਡੀਐੱਮ ਸੰਗਰੂਰ ਤੇ ਡੀਐੱਸਪੀ ਨੇ ਵੀ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਦੇਰ ਸ਼ਾਮ ਤੱਕ ਅੱਗ ਬੁਝਾਉਣ ਦਾ ਕੰਮ ਜਾਰੀ ਰਿਹਾ ਅਤੇ ਕਾਫ਼ੀ ਮਿਹਨਤ ਮਗਰੋਂ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਨਾਲ ਲੱਗਦੀ ਸਾਬਣ ਫੈਕਟਰੀ ਵੀ ਚਪੇਟ ਵਿੱਚ ਆ ਗਈ ਸੀ, ਪਰ ਵੱਡੇ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਦਿੰਦਿਆਂ ਗੋਦਾਮ ਮਾਲਕ ਮਹਿੰਦਰ ਪਾਲ ਜੋਹਰ ਦੇ ਭਰਾ ਓਮ ਪ੍ਰਕਾਸ਼ ਨੇ ਦੱਸਿਆ ਕਿ ਦੁਪਹਿਰ ਸਮੇਂ ਗੋਦਾਮ ਵਿੱਚ ਇਨਵਰਟਰ ਦੇ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ। ਅੱਗ ਲੱਗਦੇ ਹੀ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਗੋਦਾਮ ਤੋਂ ਕੁਝ ਹੀ ਮੀਟਰ ਦੀ ਦੂਰੀ ‘ਤੇ ਫਾਇਰ ਬ੍ਰਿਗੇਡ ਸਟੇਸ਼ਨ ਹੋਣ ਦੇ ਬਾਵਜੂਦ ਪਹਿਲੀ ਗੱਡੀ ਪਹੁੰਚਣ ਮਗਰੋਂ ਕੁਝ ਹੀ ਸਮੇਂ ਵਿੱਚ ਉਸ ਦਾ ਪਾਣੀ ਖ਼ਤਮ ਹੋ ਗਿਆ। ਪਾਣੀ ਭਰਨ ਲਈ ਗਈ ਗੱਡੀ ਦੁਬਾਰਾ ਦੇਰੀ ਨਾਲ ਵਾਪਸ ਆਈ। ਉਨ੍ਹਾਂ ਦੱਸਿਆ ਕਿ ਗੋਦਾਮ ਵਿੱਚ ਲੱਗੇ ਫਾਇਰ ਸਿਸਟਮ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਤੱਕ ਹੋਰ ਫਾਇਰ ਬ੍ਰਿਗੇਡ ਗੱਡੀਆਂ ਮੌਕੇ ‘ਤੇ ਪਹੁੰਚੀਆਂ, ਤਦ ਤੱਕ ਅੱਗ ਨੇ ਭਿਆਨਕ ਰੂਪ ਧਾਰ ਲਿਆ ਸੀ। ਗੋਦਾਮ ਵਿੱਚ ਰੱਖੇ ਇਲੈਕਟ੍ਰਾਨਿਕ ਉਪਕਰਣ ਅੱਗ ਦੀ ਚਪੇਟ ਵਿੱਚ ਆ ਗਏ ਅਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਐਸਡੀਐਮ ਸੰਗਰੂਰ ਸਤੀਸ਼ ਚੰਦਰ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਅੱਗ ਬੁਝਾਉਣ ਲਈ ਅੱਠ ਫਾਇਰ ਬ੍ਰਿਗੇਡ ਗੱਡੀਆਂ ਬੁਲਾਈਆਂ ਗਈਆਂ ਸਨ। ਗੋਦਾਮ ਵਿੱਚ ਕੁਝ ਬਿਜਲੀ ਦੇ ਉਪਕਰਣਾਂ ਨਾਲ-ਨਾਲ ਕੈਮੀਕਲ ਵਾਲੇ ਉਤਪਾਦ ਵੀ ਮੌਜੂਦ ਸਨ, ਜਿਸ ਕਾਰਨ ਅੱਗ ‘ਤੇ ਕਾਬੂ ਪਾਉਣ ਵਿੱਚ ਕਾਫ਼ੀ ਮੁਸ਼ਕਲ ਆਈ। ਸ਼ੁਰੂਆਤੀ ਜਾਂਚ ਵਿੱਚ ਅੱਗ ਦਾ ਕਾਰਨ ਸ਼ਾਰਟ ਸਰਕਿਟ ਮੰਨਿਆ ਜਾ ਰਿਹਾ ਹੈ, ਹਾਲਾਂਕਿ ਵਿਸਥਾਰਪੂਰਵਕ ਜਾਂਚ ਮਗਰੋਂ ਹੀ ਅਸਲ ਕਾਰਨ ਸਾਹਮਣੇ ਆ ਸਕੇਗਾ। ਐਸਪੀ ਸੁਖਦੇਵ ਸਿੰਘ ਨੇ ਦੱਸਿਆ ਕਿ ਜਦੋਂ ਅੱਗ ਲੱਗੀ, ਉਸ ਸਮੇਂ ਗੋਦਾਮ ਬੰਦ ਸੀ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਆਸ-ਪਾਸ ਦੇ ਇਲਾਕੇ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ। ਫਿਲਹਾਲ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ।