ਸੁਨਾਮ ’ਚ ਵਿਸ਼ਵ ਦਸਤਾਰ ਦਿਵਸ ਮੌਕੇ ਕੱਢਿਆ ਵਿਸ਼ਾਲ ਚੇਤਨਾ ਮਾਰਚ
ਸੁਨਾਮ ’ਚ ਵਿਸ਼ਵ ਦਸਤਾਰ ਦਿਵਸ ਮੌਕੇ ਕੱਢਿਆ ਵਿਸ਼ਾਲ ਚੇਤਨਾ ਮਾਰਚ
Publish Date: Mon, 13 Apr 2026 04:21 PM (IST)
Updated Date: Tue, 14 Apr 2026 04:02 AM (IST)

ਸੇਵਾ ਮੁਕਤ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਜੈਕਾਰਿਆਂ ਦੀ ਗੂੰਜ ’ਚ ਕੀਤਾ ਰਵਾਨਾ ਕਿਹਾ- ਗੁਰੂ ਸਾਹਿਬ ਨੇ ਆਮ ਵਿਅਕਤੀ ਨੂੰ ਬਖਸ਼ੀ ਸਰਦਾਰੀ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਵ ਦਸਤਾਰ ਦਿਵਸ ਮੌਕੇ ਸਾਡਾ ਖੁਆਬ ਪੱਗਾਂ ਵਾਲਾ ਪੰਜਾਬ ਸਲੋਗਨ ਤਹਿਤ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਤੋਂ ਇੱਕ ਵਿਸ਼ਾਲ ਦਸਤਾਰ ਚੇਤਨਾ ਮਾਰਚ ਅਕਾਲ ਕੌਂਸਲ ਗੁਰੂਸਾਗਰ ਮਸਤੂਆਣਾ ਸਾਹਿਬ ਅਤੇ ਸਰਦਾਰੀਆਂ ਟਰੱਸਟ ਪੰਜਾਬ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਚੇਤਨਾ ਮਾਰਚ ਵਿੱਚ ਇਲਾਕੇ ਦੇ ਸਕੂਲਾਂ , ਕਾਲਜਾਂ ਅਤੇ ਅਕੈਡਮੀਆਂ ਦੇ ਵਿਦਿਆਰਥੀਆਂ ਨੇ ਸੁੰਦਰ ਦਸਤਾਰਾਂ ਸਜਾਕੇ ਅਤੇ ਹੱਥਾਂ ਚ ਦਸਤਾਰ ਸਲੋਗਨ ਫੜਕੇ ਖਾਲਸਾਈ ਜਾਹੋਜਲਾਲ ਨਾਲ ਸ਼ਿਰਕਤ ਕੀਤੀ। ਦਸਤਾਰ ਚੇਤਨਾ ਮਾਰਚ ਦੀ ਆਰੰਭਤਾ ਸੇਵਾ ਮੁਕਤ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕੌਂਸਲ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਨੇ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ। ਇਸ ਮੌਕੇ ਰੋਟਰੀ ਕਲੱਬ ਦੇ ਗਵਰਨਰ ਰਹੇ ਘਣਸ਼ਿਆਮ ਕਾਂਸਲ, ਡੀਐਸਪੀ ਹਰਵਿੰਦਰ ਸਿੰਘ ਖਹਿਰਾ , ਜਗਰਾਜ ਸਿੰਘ ਢੱਡਰੀਆਂ, ਅਨਿਲ ਜੁਨੇਜਾ, ਦੇਵਿੰਦਰਪਾਲ ਸਿੰਘ ਰਿੰਪੀ ਅਤੇ ਸਤਨਾਮ ਸਿੰਘ ਦਮਦਮੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਸੇਵਾ ਮੁਕਤ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਆਖਿਆ ਕਿ ਪੁਰਾਣੇ ਸਮਿਆਂ ਵਿੱਚ ਪੱਗਾਂ ਸਿਰਫ਼ ਰਾਜੇ ਮਹਾਰਾਜੇ ਬੰਨਦੇ ਸਨ ਲੇਕਿਨ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਿਰਜਣਾ ਕਰਕੇ ਆਮ ਵਿਅਕਤੀ ਨੂੰ ਦਸਤਾਰ ਸਜਾਉਣ ਦਾ ਸੰਦੇਸ਼ ਦੇਕੇ ਸਰਦਾਰੀਆਂ ਬਖਸ਼ੀਆਂ। ਉਨ੍ਹਾਂ ਪ੍ਰਬੰਧਕਾਂ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਅੰਦਰ ਦਸਤਾਰ ਸਜਾਉਣ ਦੀ ਚੇਤਨਾ ਪੈਦਾ ਹੋਵੇਗੀ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਮੋਹਲ ਅਤੇ ਹੈਡ ਗ੍ਰੰਥੀ ਜਗਮੇਲ ਸਿੰਘ ਛਾਜਲਾ ਨੇ ਦੱਸਿਆ ਕਿ ਇਸ ਦਸਤਾਰ ਚੇਤਨਾ ਮਾਰਚ ਦਾ ਨਿਰੋਲ ਉਦੇਸ਼ ਦਸਤਾਰ ਨੂੰ ਪ੍ਰਮੋਟ ਕਰਨਾ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਵਿੱਚ ਦਸਤਾਰ ਪ੍ਰਤੀ ਪਿਆਰ ਅਤੇ ਸਤਿਕਾਰ ਮੁੜ ਸੁਰਜੀਤ ਕੀਤਾ ਜਾ ਸਕੇ। ਦਸਤਾਰ ਮਾਰਚ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਔਲਖ ਪ੍ਰਧਾਨ ਗੁਰਦੁਆਰਾ ਲੱਕੀ ਜੱਸਲ, ਜਸਵੰਤ ਸਿੰਘ ਔਲਖ, ਸੁਖਵਿੰਦਰ ਵਿੱਕੀ ,ਅਰਸ਼ਪ੍ਰੀਤ ਸਿੰਘ ਮੋਹਲ, ਗੁਰੀ ਜੱਸਲ, ਗੁਰਜੀਤ ਸਿੰਘ ਚਹਿਲ, ਲਵਪ੍ਰੀਤ ਕੌਰ ਲਵਲੀ, ਗੁਰਪ੍ਰੀਤ ਕੌਰ ਖਾਲਸਾ, ਸੁਖਵੰਤ ਕੌਰ ,ਸੁਰਜੀਤ ਕੌਰ, ਹਰਿੰਦਰ ਸਿੰਘ ਔਲਖ, ਰੂਪ ਸਿੰਘ, ਲਾਲ ਸਿੰਘ, ਸਾਹਿਬ ਜੋਤ ਸਿੰਘ ,ਤਰਸੇਮ ਸਿੰਘ ਰਾਏ, ਜਰਨੈਲ ਸਿੰਘ, ਮਲਕੀਤ ਮੀਤੀ , ਜਸਪ੍ਰੀਤ ਸਿੰਘ ਜੱਸੀ ਹਾਜ਼ਰ ਸਨ।