ਚੌਵਾਸ ਜਖੇਪਲ ’ਚ ਵਿਆਹੁਤਾ ਵੱਲੋਂ ਖੁਦਕੁਸ਼ੀ
ਚੌਵਾਸ ਜਖੇਪਲ ’ਚ ਵਿਆਹੁਤਾ ਵਲੋਂ ਖੁਦਕੁਸ਼ੀ
Publish Date: Tue, 03 Mar 2026 05:17 PM (IST)
Updated Date: Wed, 04 Mar 2026 04:03 AM (IST)

ਡੇਢ਼ ਸਾਲ ਪਹਿਲਾਂ ਹੋਇਆ ਸੀ ਵਿਆਹ ਪਤੀ, ਸੱਸ ਤੇ ਦਿਉਰ ਖ਼ਿਲਾਫ਼ ਮਾਮਲਾ ਦਰਜ਼ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਚੌਵਾਸ ਜਖੇਪਲ ਦੀ ਇਕ ਵਿਆਹੁਤਾ ਨੇ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਮੰਗਲਵਾਰ ਨੂੰ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਵਿਖੇ ਮ੍ਰਿਤਕਾ ਦੇ ਪੋਸਟਮਾਰਟਮ ਮੌਕੇ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਕੌਰ ਪੁੱਤਰੀ ਹੰਸਾ ਸਿੰਘ ਵਾਸੀ ਪਿੰਡ ਭੱਟੀਵਾਲ ਕਲਾਂ ਦਾ ਡੇਢ ਕੁ ਸਾਲ ਪਹਿਲਾਂ ਚੌਵਾਸ ਜਖੇਪਲ ਦੇ ਗੁਰਵਿੰਦਰ ਸਿੰਘ ਪੁੱਤਰ ਨਾਹਰ ਸਿੰਘ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਹਰਪ੍ਰੀਤ ਕੌਰ ਦੇ ਦੋ ਜੌੜੀਆਂ (ਜੁੜਵੀਆਂ) ਬੱਚੀਆਂ ਪੈਦਾ ਹੋਈਆਂ। ਇਸ ਨੂੰ ਲੈ ਕੇ ਸਹੁਰਾ ਪਰਿਵਾਰ ਅਕਸਰ ਹੀ ਉਸ ਨੂੰ ਤਾਅਨੇ-ਮੇਹਣੇ ਮਾਰਕੇ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਸਹੁਰੇ ਪਰਿਵਾਰ ਦੇ ਮੇਹਣਿਆਂ ਤੋਂ ਸਤਾਈ ਹਰਪ੍ਰੀਤ ਕੌਰ (23) ਪਤਨੀ ਗੁਰਵਿੰਦਰ ਸਿੰਘ ਚੌਵਾਸ ਜਖੇਪਲ ਨੇ ਚੁੰਨੀ ਲੈ ਕੇ ਛੱਤ ਵਾਲੇ ਪੱਖੇ ਨਾਲ ਗਲ ਫਾਹਾ ਲੈ ਕੇ ਖੁ਼ਦਕੁਸ਼ੀ ਕਰ ਲਈ। ਪੁਲਿਸ ਵੱਲੋਂ ਮ੍ਰਿਤਕਾ ਹਰਪ੍ਰੀਤ ਕੌਰ ਦੀ ਮਾਤਾ ਜਸਵੀਰ ਕੌਰ ਭੱਟੀਵਾਲ ਕਲਾਂ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਗੁਰਵਿੰਦਰ ਸਿੰਘ, ਦਿਉਰ ਰਘਵੀਰ ਸਿੰਘ ਉਰਫ ਕਾਕਾ ਤੇ ਸੱਸ ਅਮਰਜੀਤ ਕੌਰ ਦੇ ਖ਼ਿਲਾਫ਼ ਬੀਐੱਨਐੱਸਐੱਸ ਦੀ ਧਾਰਾ 108 ਤਹਿਤ ਮਾਮਲਾ ਦਰਜ ਕਰ ਲਿਆ ਹੈ।