ਐੱਸਕੇਐੱਮ ਦੇ ਸੱਦੇ 'ਤੇ 2 ਦਰਜ਼ਨ ਪਿੰਡਾਂ ’ਚ ਕੱਢਿਆ ਮਾਰਚ
ਐਸਕੇਐਮ ਦੇ ਸੱਦੇ 'ਤੇ 2 ਦਰਜ਼ਨ ਪਿੰਡਾਂ 'ਚ ਕੱਢਿਆ ਮਾਰਚ
Publish Date: Thu, 01 Jan 2026 05:48 PM (IST)
Updated Date: Fri, 02 Jan 2026 04:08 AM (IST)

ਲਗਾਤਾਰ ਦੂਜੇ ਦਿਨ ਪਿੰਡਾਂ ਵਿੱਚ ਗੱਡੀਆਂ ਰਾਹੀਂ ਕੀਤਾ ਮਾਰਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਬਿਜਲੀ ਤੇ ਸੀਡ ਬਿੱਲਾਂ ਖ਼ਿਲਾਫ਼ ਚਲਾਈ ਜਾਗਰੂਕਤਾ ਮੁਹਿੰਮ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਵੀਰਵਾਰ ਨੂੰ ਸਾਲ ਦੇ ਪਹਿਲੇ ਦਿਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬਲਾਕ ਭਵਾਨੀਗੜ੍ਹ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨ, ਮਜ਼ਦੂਰ ਤੇ ਲੋਕ ਵਿਰੋਧੀ ਕਾਨੂੰਨਾਂ ਖ਼ਿਲਾਫ਼ ਬਲਾਕ ਦੇ ਕਰੀਬ 2 ਦਰਜ਼ਨ ਪਿੰਡਾਂ ਵਿਚ ਮੋਟਰਸਾਈਕਲ ਤੇ ਗੱਡੀਆਂ ਰਾਹੀਂ ਮਾਰਚ ਕੀਤਾ ਗਿਆ। ਅਨਾਜ ਮੰਡੀ ਭਵਾਨੀਗੜ੍ਹ ਤੋਂ ਮਾਰਚ ਸ਼ੁਰੂ ਕਰਨ ਸਮੇਂ ਕਿਸਾਨਾਂ ਨੂੰ ਭਾਕਿਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਭਾਕਿਯੂ ਏਕਤਾ ਉਗਰਾਹਾਂ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਭਾਕਿਯੂ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ ਅਤੇ ਬੁੱਧ ਸਿੰਘ ਬਾਲਦ ਖੁਰਦ ਨੇ ਕਿਹਾ ਕਿ 16 ਜਨਵਰੀ ਨੂੰ ਬਿਜਲੀ ਬੋਰਡ ਦੇ ਦਫ਼ਤਰਾਂ ਅੱਗੇ ਲੱਗਣ ਵਾਲੇ ਧਰਨਿਆਂ ਸਬੰਧੀ ਜਾਗਰੂਕ ਕਰਨ ਲਈ ਪਿੰਡਾਂ ਵਿਚ ਮਾਰਚ ਕੀਤੇ ਜਾ ਰਹੇ ਹਨ ਕਿਉਂਕਿ ਕੇਂਦਰ ਸਰਕਾਰ ਵੱਲੋਂ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ ਲਿਆਂਦੇ ਬਿਜਲੀ ਸੋਧ ਬਿਲ ਅਤੇ ਬੀਜ ਬਿਲ ਪਹਿਲਾਂ ਹੀ ਆਰਥਿਕ ਸੰਕਟ ਵਿਚ ਫਸੀ ਕਿਸਾਨੀ ਮਜ਼ਦੂਰ ਅਤੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਝਜੋੜ ਕੇ ਰੱਖ ਦੇਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਸਾਨ ਆਗੂਆਂ ਨੇ ਮਨਰੇਗਾ ਕਾਨੂੰਨ ਨੂੰ ਖ਼ਤਮ ਕਰ ਕੇ ਜੀ ਰਾਮ ਜੀ ਬਿੱਲ ਪਾਸ ਕਰਨ ਅਤੇ ਪੰਜਾਬ ਪੁਲਿਸ ਵੱਲੋਂ ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ। ਇਹ ਮੋਟਰਸਾਈਕਲ/ਕਾਰ ਮਾਰਚ ਭਵਾਨੀਗੜ੍ਹ ਤੋਂ ਸ਼ੁਰੂ ਕਰ ਕੇ ਵੱਖ-ਵੱਖ 22 ਪਿੰਡਾਂ ਵਿਚ ਹੁੰਦਾ ਹੋਇਆ ਪਿੰਡ ਬਾਲਦ ਕਲਾਂ ਵਿਖੇ ਨਾਅਰਿਆਂ ਨਾਲ ਸਮਾਪਤ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜਿਆਦਾ ਠੰਢ ਨੂੰ ਦੇਖਦੇ ਹੋਏ ਬਲਾਕ ਭਵਾਨੀਗੜ੍ਹ ਵੱਲੋਂ ਜੋ ਚਾਰ ਦਿਨਾਂ ਦਾ ਮਾਰਚ ਰੱਖਿਆ ਗਿਆ ਸੀ ਉਸ ਨੂੰ ਅੱਜ ਸਮਾਪਤ ਕੀਤਾ ਗਿਆ ਹੈ। ਇਸ ਮੌਕੇ ਕੁਲਵਿੰਦਰ ਸਿੰਘ ਮਾਝਾ, ਜਸਬੀਰ ਸਿੰਘ ਗੱਗੜਪੁਰ, ਜਰਨੈਲ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ, ਗੁਰਚੇਤ ਸਿੰਘ ਭੱਟੀਵਾਲ, ਕਸ਼ਮੀਰ ਸਿੰਘ ਆਲੋਅਰਖ, ਕੁਲਦੀਪ ਸਿੰਘ ਬਖੋਪੀਰ, ਕਰਮ ਚੰਦ ਪੰਨਵਾਂ, ਗੁਰਦੇਵ ਸਿੰਘ ਆਲੋਅਰਖ, ਜਗਤਾਰ ਸਿੰਘ ਤੂਰ ਸ਼ਾਮਿਲ ਹੋਏ।