ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਮਾਰਚ ਕੱਢਿਆ
ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਮਾਰਚ ਕੱਢਿਆ
Publish Date: Mon, 23 Mar 2026 04:36 PM (IST)
Updated Date: Mon, 23 Mar 2026 04:37 PM (IST)

ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਮਹਾਨ ਸ਼ਹੀਦਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਮੌਕੇ ਯਾਦ ਕਰਦਿਆਂ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਆਗੂਆਂ ਵੱਲੋਂ ਨਾਭਾ ਰੋਡ ਸਥਿਤ ਦਫ਼ਤਰ ਤੋਂ ਨਹਿਰੂ ਪਾਰਕ ਤੱਕ ਮੋਟਰ ਸਾਈਕਲ ਮਾਰਚ ਕੱਢਿਆ ਗਿਆ ਅਤੇ ਇਨ੍ਹਾਂ ਮਹਾਨ ਕ੍ਰਾਂਤੀਕਾਰੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਆਗੂ ਧਰਮਪਾਲ ਸਿੰਘ ਲੌਟ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਵਾਸਤੇ ਇਨ੍ਹਾਂ ਸੂਰਬੀਰ ਯੋਧਿਆਂ ਨੇ ਭਰ ਜਵਾਨੀ ’ਚ ਸ਼ਹਾਦਤ ਦਾ ਜਾਮ ਪੀਤਾ, ਜਿਸ ਤੋਂ ਅੱਜ ਦੀ ਨੌਜਵਾਨ ਪੀੜੀ ਨੂੰ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਮਹਾਨ ਯੋਧਿਆਂ ਵੱਲੋਂ ਭਾਰਤ ਦੇਸ਼ ਨੂੰ ਅੰਗਰੇਜ਼ ਸਾਮਰਾਜ ਤੋਂ ਆਜ਼ਾਦ ਕਰਵਾਉਣ ਲਈ ਪੰਜਾਬੀਆਂ ਤੇ ਦੇਸ਼ ਵਾਸੀਆਂ ਦੀ ਖਾਤਰ ਆਪਣੀਆਂ ਜਾਨਾ ਕੁਰਬਾਨ ਕੀਤੀਆਂ ਗਈਆਂ ਸਨ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਦੀਆਂ ਘਟੀਆ ਨੀਤੀਆਂ ਕਾਰਨ ਦੇਸ਼ ’ਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਵੱਧ ਰਹੀ ਮਹਿੰਗਾਈ ਕਾਰਨ ਆਮ ਜਨਤਾ ਦਿਨ ਬ ਦਿਨ ਪਿਸ ਰਹੀ ਹੈ, ਜਦੋਂ ਕਿ ਕਾਰਪੋਰੇਟ ਘਰਾਣੇ ਸਰਕਾਰਾਂ ਨਾਲ ਮਿਲ ਕੇ ਆਰਥਿਕ ਤੌਰ ’ਤੇ ਹੋਰ ਮਜਬੂਤ ਹੋ ਰਹੇ ਹਨ। ਆਗੂਆਂ ’ਚ ਦੀਪਕ ਕੁਮਾਰ, ਸਵਰਨ ਸਿੰਘ, ਕੁਲਦੀਪ ਵਰਮਾ, ਸ਼ੇਰ ਬਹਾਦਰ, ਉਗਰਸੈਨ, ਸਰਬਜੀਤ, ਜਸਵੀਰ ਪੰਜੌਲਾ, ਜਰਨੈਲ ਸਿੰਘ, ਸੂਰਿਆਭਾਨ ਸਿੰਘ, ਹਾਕਮ ਸਿੰਘ ਆਦਿ ਹਾਜ਼ਰ ਸਨ।