ਆੜ੍ਹਤੀ ਵੱਲੋਂ ਮਾਰਕੀਟ ਕਮੇਟੀ ਅਧਿਕਾਰੀਆਂ ’ਤੇ ਚਲਦੇ ਸੀਜ਼ਨ ’ਚ ਫੜ ਨਾ ਦੇਣ ਦਾ ਇਲਜ਼ਾਮ
ਆੜ੍ਹਤੀ ਵੱਲੋਂ ਮਾਰਕੀਟ ਕਮੇਟੀ ਅਧਿਕਾਰੀਆਂ ’ਤੇ ਚਲਦੇ ਸੀਜ਼ਨ ’ਚ ਫੜ ਨਾ ਦੇਣ ਦਾ ਇਲਜਾਮ
Publish Date: Wed, 15 Apr 2026 06:55 PM (IST)
Updated Date: Wed, 15 Apr 2026 06:57 PM (IST)

- ਜੇਕਰ ਇਨਸਾਫ਼ ਨਾ ਮਿਲਿਆ ਖੁਦਕੁਸ਼ੀ ਕਰਾਂਗਾ: ਕਰਨੈਲ ਸਿੰਘ ਫੋਟੋ 15ਪੀਟੀਐੱਲ-25 ਸਟਾਫ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਪਟਿਆਲਾ ਦੇ ਹਲਕਾ ਘਨੌਰ ਦੀ ਮੰਡੀ ਵਿਚ ਆੜ੍ਹਤੀ ਵਜੋਂ ਕੰਮ ਕਰਦੇ ਕਰਨੈਲ ਸਿੰਘ ਭੱਟੀਆਂ ਨੇ ਇਲਜਾਮ ਲਾਇਆ ਹੈ ਕਿ ਮਾਰਕੀਟ ਕਮੇਟੀ ਘਨੌਰ ਦੇ ਅਧਿਕਾਰੀ ਕਣਕ ਦੇ ਚਲਦੇ ਸੀਜ਼ਨ ਵਿਚ ਉਸ ਨੂੰ ਉਸਦੇ ਗਾਹਕ ਜ਼ਿਮੀਂਦਾਰਾਂ ਦੀ ਕਣਕ ਉਤਾਰਨ ਵਾਸਤੇ ਫੜ ਨਹੀਂ ਦੇ ਰਹੇ।ਅੱਜ ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਮੁਸ਼ਕਿਲ ਨਾਲ ਆੜ੍ਹਤੀ ਵਜੋਂ ਕੰਮ ਕਰਨ ਦਾ ਲਾਇਸੰਸ ਬਣਵਾਇਆ ਸੀ, ਜਿਸ ਉਪਰੰਤ 25 ਲੱਖ ਰੁਪਏ ਖਰਚ ਕੇ ਘਨੌਰ ਮੰਡੀ ਵਿਚ ਸ਼ੋਅ ਰੂਮ ਖਰੀਦਿਆ। ਉਨ੍ਹਾਂ ਕਿਹਾ ਕਿ ਉਹਨਾਂ ਦੇ ਨਾਲ 35 ਤੋਂ 40 ਕਿਸਾਨ ਜੁੜੇ ਹੋਏ ਹਨ ਜਿਹਨਾਂ ਨੂੰ ਉਹਨਾਂ ਨੇ ਐਡਵਾਂਸ ਰੂਪ ਵਿਚ ਲੱਖਾਂ ਰੁਪਏ ਦਿੱਤੇ ਤਾਂ ਜੋ ਉਹ ਆਪਣੀ ਕਣਕ ਦੀ ਫਸਲ ਪਾਲ ਸਕਣ। ਉਨ੍ਹਾਂ ਕਿਹਾ ਕਿ ਹੁਣ ਜਦੋਂ ਵਾਢੀ ਦਾ ਸੀਜ਼ਨ ਆਇਆ ਹੈ ਤਾਂ ਜ਼ਿਮੀਂਦਾਰਾਂ ਨੂੰ ਕਣਕ ਦੀ ਫਸਲ ਮੰਡੀ ਵਿਚ ਵੇਚਣ ਲਈ ਲਿਆਉਣ ਦੀ ਥਾਂ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਉਹਨਾਂ ਮਾਰਕੀਟ ਕਮੇਟੀ ਦੇ ਸਕੱਤਰ ਤੇ ਸੁਪਰਵਾਈਜ਼ਰ ਨੂੰ ਬਹੁਤ ਵਾਰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਫੜ ਵਿਚ ਪੱਕੀ ਥਾਂ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਚਾਰ ਵਾਰ ਇਹਨਾਂ ਅਧਿਕਾਰੀਆਂ ਨੇ ਜਿਹੜੀ ਥਾਂ ਦਿੱਤੀ, ਉਸ ’ਤੇ ਹੋਰ ਆੜ੍ਹਤੀਆਂ ਨੇ ਕਬਜ਼ਾ ਕਰ ਲਿਆ। ਉਨ੍ਹਾਂ ਕਿਹਾ ਕਿ ਉਨਾਂ ਨੇ ਉੱਚ ਅਧਿਕਾਰੀਆਂ ਨੂੰ ਈ ਮੇਲ ਵੀ ਕੀਤੀਆਂ ਪਰ ਉਹਨਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਨੇ ਸਕੱਤਰ ਤੇ ਸੁਪਰਵਾਈਜ਼ਰ ਨੂੰ ਲਿਖਤੀ ਦਰਖ਼ਾਸਤਾਂ ਵੀ ਦਿੱਤੀਆਂ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਉਨਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਤੇ ਉਹਨਾਂ ਦੇ ਗਾਹਕ ਜ਼ਿਮੀਂਦਾਰ ਦੂਜੇ ਆੜ੍ਹਤੀਆਂ ਕੋਲ ਜਿਣਸ ਸੁੱਟਣ ਵਾਸਤੇ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲੈਣਗੇ ਜਿਸਦੇ ਜ਼ਿੰਮੇਵਾਰ ਇਹ ਅਧਿਕਾਰੀ ਹੋਣਗੇ। ਉਹਨਾਂ ਕਿਹਾ ਕਿ ਕਣਕ ਦਾ ਸੀਜ਼ਨ ਖਤਮ ਹੋਣ ਕੰਢੇ ਹੈ ਤੇ ਸਿਰਫ ਪੰਜ ਸੱਤ ਦਿਨਾਂ ਦੀ ਖਰੀਦ ਬਾਕੀ ਰਹਿ ਗਈ ਹੈ, ਅਜਿਹੇ ਵਿਚ ਉਹਨਾਂ ਦੇ ਨੁਕਸਾਨ ਦੀ ਪੂਰਤੀ ਹੋਣੀ ਸੰਭਵ ਨਹੀਂ ਹੈ। ਡੱਬੀ----------ਥਾਂ ਉਪਲੱਬਧ ਹੈ- ਅਧਿਕਾਰੀ ਇਸ ਮਾਮਲੇ ਵਿਚ ਜਦੋਂ ਮਾਰਕੀਟ ਕਮੇਟੀ ਘਨੌਰ ਦੇ ਸਕੱਤਰ ਜਸਵਿੰਦਰ ਸਿੰਘ ਤੇ ਸੁਪਰਵਾਈਜ਼ਰ ਸ੍ਰੀ ਸੰਧੂ ਨਾਲ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਉਹ ਪਹਿਲਾਂ ਵੀ ਕਰਨੈਲ ਸਿੰਘ ਨੂੰ ਫੜ ਵਿਚ ਥਾਂ ਅਲਾਟ ਕਰ ਚੁੱਕੇ ਹਨ ਪਰ ਅਜਿਹਾ ਜਾਪਦਾ ਹੈ ਕਿ ਉਹ ਖੁਦ ਕੰਮ ਕਰਨ ਵਿਚ ਦਿਲਚਸਪੀ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਪਤਾ ਲੱਗਾ ਹੈ ਕਿ ਆੜ੍ਹਤੀਆਂ ਦੀ ਆਪਸ ਵਿਚ ਖਿੱਚੋਤਾਣ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਤਾਂ ਹੁਣ ਵੀ ਥਾਂ ਖਾਲੀ ਹੈ, ਅਸੀਂ ਅਲਾਟ ਕਰਨ ਵਾਸਤੇ ਤਿਆਰ ਹਾਂ ਤੇ ਇਸਦੀ ਲਿਖਤੀ ਸੂਚਨਾ ਵੀ ਕਰਨੈਲ ਸਿੰਘ ਨੂੰ ਦਿੱਤੀ ਹੈ।