ਪਟਿਆਲਾ ’ਚ ਮਨਾਇਆ ਵਿਸ਼ਵ ਮਲੇਰੀਆ ਦਿਵਸ
ਪਟਿਆਲਾ ਵਿੱਚ ਮਨਾਇਆ ਗਿਆ ਵਿਸ਼ਵ ਮਲੇਰੀਆ ਦਿਵਸ
Publish Date: Sat, 25 Apr 2026 04:53 PM (IST)
Updated Date: Sat, 25 Apr 2026 04:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਮੈਡੀਕਲ ਸੂਪਰਡੈਂਟ ਡਾ. ਵਿਕਾਸ ਗੋਇਲ ਦੀ ਅਗਵਾਈ ਹੇਠ ਪਟਿਆਲਾ ਵਿਚ ਮਾਤਾ ਕੁਸ਼ੱਲਿਆ ਹਸਪਤਾਲ ਵਿਚ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਸਾਲ ਦਾ ਥੀਮ ‘ਮਲੇਰੀਏ ਨੂੰ ਖਤਮ ਕਰਨ ਲਈ ਪ੍ਰੇਰਿਤ, ਹੁਣ ਅਸੀਂ ਕਰ ਸਕਦੇ ਹਾਂ, ਸਾਨੂੰ ਕਰਨਾ ਚਾਹੀਦ” ਰੱਖਿਆ ਗਿਆ, ਜਿਸਦਾ ਮਕਸਦ ਮਲੇਰੀਏ ਦੇ ਖਾਤਮੇ ਲਈ ਤੁਰੰਤ ਕਾਰਵਾਈ, ਨਵੀਂ ਸੋਚ ਅਤੇ ਸਾਂਝੀ ਜ਼ਿੰਮੇਵਾਰੀ ਨੂੰ ਉਭਾਰਨਾ ਹੈ। ਇਸ ਮੌਕੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਮਲੇਰੀਏ ਤੋਂ ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਗਿਆ। ਮਲੇਰੀਆ ਇੱਕ ਸੰਕਰਾਮਕ ਬਿਮਾਰੀ ਹੈ ਜੋ ਸੰਕਰਮਿਤ ਮਾਦਾ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਮੱਛਰ ਦੇ ਕੱਟਣ ਤੋਂ ਬਾਅਦ ਪਰਜੀਵੀ ਖੂਨ ਵਿੱਚ ਦਾਖਲ ਹੋ ਕੇ ਜਿਗਰ ਵਿੱਚ ਵਧਦੇ ਹਨ ਅਤੇ ਫਿਰ ਲਾਲ ਖੂਨ ਦੇ ਸੈੱਲਾਂ ਨੂੰ ਪ੍ਰਭਾਵਿਤ ਕਰਦੇ ਹਨ। ਮਲੇਰੀਏ ਦੇ ਲੱਛਣ ਆਮ ਤੌਰ ‘ਤੇ 10 ਤੋਂ 15 ਦਿਨਾਂ ਵਿਚ ਸਾਹਮਣੇ ਆਉਂਦੇ ਹਨ। ਇਸ ਦੇ ਆਮ ਲੱਛਣਾਂ ਵਿਚ ਤੇਜ਼ ਬੁਖਾਰ, ਕੰਬਣੀ ਛਿੜਨਾ, ਤਰੇਲੀਆਂ ਆਉਣਾ, ਸਿਰ ਦਰਦ, ਜੀ ਕੱਚਾ ਹੋਣਾ, ਉਲਟੀਆਂ, ਮਾਸਪੇਸ਼ੀਆਂ ਵਿਚ ਦਰਦ ਅਤੇ ਥਕਾਵਟ ਸ਼ਾਮਲ ਹਨ। ਗੰਭੀਰ ਹਾਲਤ ਵਿੱਚ ਮਰੀਜ਼ ਨੂੰ ਬੇਹੋਸ਼ੀ, ਸਾਹ ਲੈਣ ਵਿੱਚ ਦਿੱਕਤ, ਖੂਨ ਦੀ ਕਮੀ ਅਤੇ ਅੰਗਾਂ ਦੇ ਫੇਲ ਹੋਣ ਵਰਗੀਆਂ ਸਮੱਸਿਆਵਾਂ ਵੀ ਆ ਸਕਦੀਆਂ ਹਨ। ਸਿਵਲ ਸਰਜਨ ਨੇ ਦੱਸਿਆ ਕਿ ਗਰਭਵਤੀ ਮਹਿਲਾਵਾਂ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ, ਅਤੇ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਵਾਲੇ ਵਿਅਕਤੀਆਂ ਨੂੰ ਮਲੇਰੀਆ ਹੋਣ ਦਾ ਵੱਧ ਖ਼ਤਰਾ ਹੈ। ਇਸ ਮੌਕੇ ਜਿਲਾ ਐਪਿਡੇਮੌਲੋਜਿਸਟ ਡਾ.ਸੁਮਿਤ ਨੇ ਦੱਸਿਆ ਕਿ 2024 ਵਿਚ ਪੰਜਾਬ ‘ਚ ਮਲੇਰੀਏ ਦੇ 23 ਅਤੇ 2025 ‘ਚ 16 ਕੇਸ ਦਰਜ ਕੀਤੇ ਗਏ ਸਨ ਪਰ ਸਿਹਤ ਵਿਭਾਗ ਦੇ ਉਪਰਾਲਿਆਂ ਸਦਕਾ ਪਿਛਲੇ ਪੰਜ ਸਾਲਾਂ ਤੋਂ ਲੋਕਲ ਅਬਾਦੀ ਵਿਚ ਮਲੇਰੀਏ ਦਾ ਕੋਈ ਕੇਸ ਨਹੀਂ ਆਇਆ। ਇਸ ਮੌਕੇ ਡਾ.ਯਾਦਵਿੰਦਰ ਸਿੰਘ, ਡਾ.ਪਵਿੱਤਰ ਸਿੰਘ, ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਜਸਵੀਰ ਕੌਰ, ਐਸਆਈ ਰਣ ਸਿੰਘ ਅਤੇ ਪਰਮਜੀਤ ਸਿੰਘ ਤੋਂ ਇਲਾਵਾ ਐਲਐਚਵੀ ਅਨੀਤਾ ਰਾਣੀ ਮੌਜੂਦ ਸਨ।