6 ਮੁਕੱਦਮੇ ਦਰਜ, 7 ਦੋਸ਼ੀ ਗ੍ਰਿਫ਼ਤਾਰ, 83 ਗ੍ਰਾਮ ਹੈਰੋਇਨ ਬਰਾਮਦ
ਧੂਰੀ ’ਚ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: 6 ਮੁਕੱਦਮੇ ਦਰਜ, 7 ਦੋਸ਼ੀ ਗ੍ਰਿਫ਼ਤਾਰ
Publish Date: Tue, 17 Feb 2026 04:46 PM (IST)
Updated Date: Wed, 18 Feb 2026 04:04 AM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਸਬ-ਡਵੀਜ਼ਨ ਧੂਰੀ ਪੁਲਿਸ ਨੇ 9 ਫਰਵਰੀ ਤੋਂ 15 ਫਰਵਰੀ ਤਕ ਵੱਡੀ ਕਾਰਵਾਈ ਕਰਦੇ ਹੋਏ 6 ਮੁਕੱਦਮੇ ਦਰਜ ਕਰ ਕੇ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦੋਸ਼ੀਆਂ ਕੋਲੋਂ 83 ਗ੍ਰਾਮ ਚਿੱਟਾ/ਹੈਰੋਇਨ, 14 ਬੋਤਲਾਂ ਦੇਸੀ ਸ਼ਰਾਬ ਤੇ 180 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਨਸ਼ੇ ਦੇ ਆਦੀ 8 ਵਿਅਕਤੀਆਂ ਨੂੰ ਓਟ ਸੈਂਟਰ ਵਿਚ ਦਵਾਈ ਦਿਵਾਈ ਗਈ। ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਮੁਹਿੰਮ ਹੇਠ ਪੁਰਾਣੇ ਕੇਸਾਂ ਵਿਚ ਚੱਲ ਰਹੇ 2 ਪੀਓਜ਼ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। 11 ਕੇਸਾਂ ਦੀ ਤਫ਼ਤੀਸ਼ ਮੁਕੰਮਲ ਕਰ ਕੇ ਦੋਸ਼ੀਆਂ ਖ਼ਿਲਾਫ਼ ਅਦਾਲਤ ਵਿਚ ਚਲਾਣ ਪੇਸ਼ ਕੀਤੇ ਗਏ ਹਨ। ਇਕ ਚੋਰੀ ਦੇ ਮਾਮਲੇ ਵਿਚ 1 ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 1 ਮੋਟਰਸਾਈਕਲ ਅਤੇ 2 ਚੋਰੀਸ਼ੁਦਾ ਸਿਲੰਡਰ ਬਰਾਮਦ ਕੀਤੇ ਗਏ। ਜਨਤਾ ਦੀਆਂ ਸ਼ਿਕਾਇਤਾਂ ਨੂੰ ਤਰਜੀਹ ਦੇ ਆਧਾਰ ’ਤੇ ਸੁਣਦੇ ਹੋਏ 65 ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਗਿਆ। ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ 2 ਵਾਹਨ ਬੰਦ ਕੀਤੇ ਗਏ ਅਤੇ 178 ਵਾਹਨਾਂ ਦੇ ਚਲਾਣ ਕੀਤੇ ਗਏ। “ਪਰਹਾਰ-2” ਮੁਹਿੰਮ ਤਹਿਤ 72 ਘੰਟਿਆਂ ਵਿਚ ਵੱਖ-ਵੱਖ ਕੇਸਾਂ ਦੇ 42 ਭਗੌੜੇ ਦੋਸ਼ੀ ਵੀ ਕਾਬੂ ਕੀਤੇ ਗਏ ਹਨ। ਪੁਲਿਸ ਵੱਲੋਂ ਆਮ ਜਨਤਾ ਨੂੰ ਨਸ਼ਾ ਵਿਰੋਧੀ ਮੁਹਿੰਮ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ। ਪੰਚਾਇਤਾਂ, ਸਪੋਰਟਸ ਕਲੱਬਾਂ ਤੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗਾਂ ਕਰ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਜੰਗ ਜਾਰੀ ਰਹੇਗੀ ਅਤੇ ਸਮੱਗਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।