ਸ਼ਹਿਰ ਦੇ ਵਾਰਡ ਨੰਬਰ 5 ’ਚੋਂ 4 ਦੁੱਧਾਰੂ ਮੱਝਾਂ ਚੋਰੀ
ਸ਼ਹਿਰ ਦੇ ਵਾਰਡ ਨੰਬਰ 5 ਵਿੱਚੋਂ 4 ਦੁੱਧਾਰੂ ਮੱਝਾਂ ਚੋਰੀ
Publish Date: Mon, 06 Apr 2026 06:28 PM (IST)
Updated Date: Mon, 06 Apr 2026 06:31 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਇਲਾਕੇ ਵਿਚ ਚੋਰੀ ਦੀਆਂ ਘਟਨਾਵਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ, ਬੀਤੇ ਦਿਨੀ ਸ਼ਹਿਰ ਦੇ ਵਾਰਡ ਨੰਬਰ ਚਾਰ ਵਿਚ ਸਥਿਤ ਸ਼ਮਸ਼ਾਨਘਾਟ ਅਤੇ ਪਾਰਕ ’ਚੋਂ ਲੋਹੇ ਦੇ ਵੱਡੇ ਗੇਟ ਚੋਰੀ ਹੋਣ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਬੀਤੀ ਰਾਤ ਚੋਰਾਂ ਨੇ ਸ਼ਹਿਰ ਦੇ ਵਾਰਡ ਨੰਬਰ ਪੰਜ ਮੁਹੱਲਾ ਸੈਣੀਆਂ ਵਾਲਾ ’ਚੋਂ ਚਾਰ ਦੁਧਾਰੂ ਮੱਝਾਂ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਬਾਰੇ ਜਾਣਕਾਰੀ ਦਿੰਦੇ ਜਾਣਕਾਰੀ ਦਿੰਦੇ ਹੋਏ ਪੀੜਤ ਹਰਜਿੰਦਰ ਸਿੰਘ ਪੁੱਤਰ ਅਰਜਨ ਸਿੰਘ ਨੇ ਦੱਸਿਆ ਕਿ ਉਹ ਮੱਝਾਂ ਦਾ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੱਝਾਂ ਵਾਲਾ ਵਾੜਾ ਘਰ ਦੇ ਬਿਲਕੁਲ ਸਾਹਮਣੇ ਹੈ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਆਪਣੇ ਮੱਝਾਂ ਵਾਲੇ ਵਾੜੇ ਦੇ ਮੁੱਖ ਗੇਟ ਨੂੰ ਜਿੰਦਰਾ ਲਗਾ ਕੇ ਆਪਣੇ ਘਰ ਆ ਕੇ ਸੋ ਗਏ ਅਤੇ ਜਦੋਂ ਸਵੇਰੇ 4 ਵਜੇ ਦੇ ਕਰੀਬ ਮੱਝਾਂ ਨੂੰ ਚਾਰਾ ਪਾਉਣ ਅਤੇ ਦੁੱਧ ਕੱਢਣ ਲਈ ਗਏ ਤਾਂ ਦੇਖਿਆ ਕਿ ਮੱਝਾਂ ਵਾਲੇ ਵਾੜੇ ਦੇ ਮੁੱਖ ਗੇਟ ਦਾ ਜਿੰਦਰਾ ਗਾਇਬ ਸੀ। ਜਦੋਂ ਉਸਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਅੰਦਰ ਚਾਰ ਦੁੱਧ ਦੇਣ ਵਾਲੀਆਂ ਮੱਝਾਂ ਗਾਇਬ ਸਨ। ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਉਹਨਾਂ ਨੇੜੇ ਲੱਗੇ ਸੀਸੀਟੀਵੀ ਕੈਮਰੇ ਦੇਖੇ ਤਾਂ ਪਤਾ ਲੱਗਿਆ ਕਿ ਚੋਰ ਗਿਰੋਹ ਦੇ ਮੈਂਬਰ ਰਾਤ 12 :40 ਮਿੰਟ ਤੇ ਆਏ ਅਤੇ 12 ਵੱਜ ਕੇ 46 ਮਿੰਟ ਤੇ ਉਹ ਮੱਝਾਂ ਵਾਲੇ ਵਾੜੇ ’ਚੋਂ 4 ਮੱਝਾਂ ਲੈ ਕੇ ਮਹਿੰਦਰਾ ਪਿੱਕ ਪਿੱਕਅਪ ਜੀਪ ਵਿਚ ਲੱਦ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਮੱਝਾਂ ਚੋਰੀ ਹੋਣ ਨਾਲ ਉਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚ ਰੋਜ਼ਾਨਾ ਚੋਰੀ ਦੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਇਸ ਚੋਰ ਗਿਰੋਹ ਨੂੰ ਕਾਬੂ ਕਰਨ ਵਿਚ ਅਸਮਰਥ ਜਾਪ ਰਹੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੇ ਵਿਅੰਗ ਕੱਸਦਿਆਂ ਕਿਹਾ ਕਿ ਇਲਾਕੇ ਵਿਚ ਚੋਰ ਗਿਰੋਹ ਚੁਸਤ ਅਤੇ ਪੁਲਿਸ ਪ੍ਰਸ਼ਾਸਨ ਸੁਸਤ ਹੋਣ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਪੁਲਿਸ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।