ਮਹਿੰਦਰਾ ਕਾਲਜ ਵਿਚ ਸਿਖਲਾਈ ਪ੍ਰੋਗਰਾਮ ਕਰਵਾਇਆ
ਮਹਿੰਦਰਾ ਕਾਲਜ ਵਿਚ ਸਿਖਲਾਈ ਪ੍ਰੋਗਰਾਮ ਦਾ ਆਯੋਜਨ
Publish Date: Wed, 25 Feb 2026 04:31 PM (IST)
Updated Date: Wed, 25 Feb 2026 04:34 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਸਰਕਾਰੀ ਮਹਿੰਦਰਾ ਕਾਲਜ ਵਿਚ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਨੈਸ਼ਨਲ ਐਕਸਨ ਜਲਾਨ ਫਾਰ ਡਰੁੱਗ ਡਿਮਾਂਡ ਰੀਡਕਸ਼ਨ ਸਕੀਮ ਦੇ ਤਹਿਤ ਇਕ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਮੁਖ ਮੰਤਵ ਅਧਿਆਪਕਾਂ ਨੂੰ ਸਮਾਜ ਵਿਚ ਵਧ ਰਹੀ ਨਸ਼ਿਆਂ ਦੀ ਸਮੱਸਿਆ ਤੋਂ ਜਾਣੂ ਕਰਵਾਉਣਾ ਅਤੇ ਅਧਿਆਪਕਾਂ ਦੀ ਇਸ ਨੂੰ ਰੋਕਣ ਵਿਚ ਬਣਦੀ ਸਾਰਥਕ ਭੂਮਿਕਾ ਬਾਰੇ ਜਾਣਕਾਰੀ ਦੇਣਾ ਸੀ। ਵਰਕਸ਼ਾਪ ਦੀ ਸ਼ੁਰੂਆਤ ਮਹਿੰਦਰਾ ਕਾਲਜ ਦੇ ਪ੍ਰੋਫੈਸਰ ਡਾ. ਮੁਹੰਮਦ ਸੁਹੇਲ ਨੇ ਸਕੀਮ ਬਾਰੇ ਸੰਖੇਪ ਵਿਚ ਜਾਣ-ਪਛਾਣ ਕਰਵਾ ਕੇ ਕੀਤੀ। ਉਨ੍ਹਾਂ ਤੋਂ ਬਾਅਦ ਕਾਲਜ ਪ੍ਰਿੰਸੀਪਲ ਡਾ. ਨਿਸ਼ਠਾ ਤ੍ਰਿਪਾਠੀ ਨੇ ਸਵਾਗਤ ਕਰਦਿਆਂ ਨਸ਼ਿਆਂ ਦੀ ਵਧਦੀ ਵਰਤੋਂ ਨੂੰ ਰੋਕਣ ’ਚ ਅਧਿਆਪਕਾਂ ਦੀ ਮਹਤਵਪੂਰਨ ਭੂਮਿਕਾ ਤੇ ਚਾਨਣਾ ਪਾਇਆ। ਵਰਕਸ਼ਾਪ ਵਿਚ ਕੁੰਜੀਵਤ ਭਾਸ਼ਣ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਆਰ. ਐੱਸ. ਘੁੰਮਣ ਨੇ ਕਿਹਾ ਨਸ਼ਿਆਂ ਦੀ ਸਮੱਸਿਆ ਨਾਲ ਸਿਰਫ ਭਾਰਤ ਹੀ ਨਹੀਂ ਜੂਝ ਰਿਹਾ, ਸਗੋਂ ਅੱਜ ਕੱਲ ਇਹ ਪੂਰੇ ਵਿਸ਼ਵ ਦੀ ਸਮਸਿਆ ਬਣੀ ਹੋਈ ਹੈ। ਉਨ੍ਹਾਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਮਨੋਵਿਗਿਆਨ ਵਿਭਾਗ ਤੋਂ ਡਾ. ਮਨਦੀਪ ਕੌਰ ਨੇ ਬੋਲਦਿਆਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਨੋਵਿਗਿਆਨ ਨੂੰ ਸਮਝਣ ਅਤੇ ਉਨ੍ਹਾਂ ਨਾਲ ਵਿਹਾਰ ਕਰਨ ਦੀਆਂ ਕੁਝ ਮਨੋਵਿਗਿਆਨਕ ਤਕਨੀਕਾਂ ਨੂੰ ਸਾਂਝਾ ਕੀਤਾ। ਵਰਕਸ਼ਾਪ ਨੂੰ ਦੋ ਸੈਸ਼ਨਾਂ ਵਿਚ ਵੰਡਿਆ ਗਿਆ, ਜਿਸ ਵਿਚ ਪਹਿਲੇ ਸੈਸ਼ਨ ਵਿਚ ਮਹਿੰਦਰਾ ਕਾਲਜ ਦੇ ਪ੍ਰੋਫੈਸਰ ਐਸ. ਬੀ. ਸ਼ਰਮਾ ਨੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਦੂਜੇ ਸੈਸ਼ਨ ਵਿਚ ਪ੍ਰੋ. ਹਰਪ੍ਰੀਤ ਕੌਰ ਨੇ ਧੰਨਵਾਦੀ ਸ਼ਬਦ ਕਹੇ।