ਜੰਗ ਕਾਰਨ ਗੈਸ ਏਜੰਸੀਆਂ ਮੂਹਰੇ ਲੱਗੀਆਂ ਲੰਮੀਆਂ ਕਤਾਰਾਂ
ਜੰਗ ਕਾਰਨ ਗੈਸ ਏਜੰਸੀਆਂ ਮੂਹਰੇ ਲੱਗੀਆਂ ਲੰਮੀਆਂ ਕਤਾਰਾਂ
Publish Date: Fri, 13 Mar 2026 04:49 PM (IST)
Updated Date: Sat, 14 Mar 2026 04:04 AM (IST)

ਆਨਲਾਈਨ ਦੇ ਚੱਕਰ ਨੇ ਚੱਕਰਾਂ ’ਚ ਪਾਏ ਲੋਕ ਗੈਸ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ : ਏਜੰਸੀ ਅਧਿਕਾਰੀ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਅਮਰੀਕਾ ਤੇ ਈਰਾਨ ਵਰਗੇ ਦੇਸ਼ਾਂ ਵਿਚ ਲੜਾਈ ਲੱਗਣ ਕਾਰਨ ਲੋਕਾਂ ਵਿਚ ਘਰੇਲੂ ਗੈਸ (ਐੱਲਪੀਜੀ) ਅਤੇ ਪੈਟਰੋਲ-ਡੀਜ਼ਲ ਦੀ ਕਮੀ ਕਾਰਨ ਹਾਹਾਕਾਰ ਮੱਚੀ ਹੋਈ ਹੈ। ਦੂਜੇ ਪਾਸੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਠੱਪ ਹੋਣ ਕਾਰਨ ਰੈਸਟੋਰੈਂਟ, ਹੋਟਲ, ਦੁਕਾਨਦਾਰ, ਢਾਬਿਆਂ ਤੇ ਰੇਹੜੀ ਲਾਉਣ ਵਾਲਿਆਂ ਦਾ ਕੰਮਕਾਰ ਠੱਪ ਹੋਣ ਦੀ ਕਗਾਰ ’ਤੇ ਆ ਗਿਆ ਹੈ। ਇਸ ਕਾਰਨ ਗੈਸ ਸਿਲੰਡਰ ਲੈਣ ਲਈ ਭਵਾਨੀਗੜ੍ਹ ਦੀ ਇੱਕੋ ਇੱਕ ਗੈਸ ਏਜੰਸੀ ਦੇ ਅੱਗੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਵੇਖੀਆਂ ਗਈਆਂ, ਪਰੰਤੂ ਇਸ ਸਬੰਧੀ ਜਦੋਂ ਗੈਸ ਏਜੰਸੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸਨੂੰ ਮੁੱਢੋਂ ਹੀ ਨਕਾਰ ਦਿੱਤਾ ਤੇ ਕਿਹਾ ਕਿ ਸਿਲੰਡਰਾਂ ਦੀ ਕੋਈ ਦਿੱਕਤ ਨਹੀਂ, ਸਮੱਸਿਆ ਆਨਲਾਈਨ ਕੰਮ ਹੋਣ ਕਾਰਨ ਆ ਰਹੀ ਹੈ, ਓਟੀਪੀ ਦੇਰੀ ਨਾਲ ਆਉਣ ਕਾਰਨ ਲੋਕਾਂ ਤੋਂ ਸਬਰ ਨਹੀਂ ਹੋ ਰਿਹਾ। ਆਨਲਾਈਨ ਦੇ ਚੱਕਰ ਨੇ ਚੱਕਰਾਂ ’ਚ ਪਾਏ ਲੋਕ ਭਵਾਨੀਗੜ੍ਹ ਵਿਚ ਪੈਟਰੋਲ, ਡੀਜ਼ਲ ਤੇ ਘਰੇਲੂ ਗੈਸ ਦੀ ਕੋਈ ਦਿੱਕਤ ਨਹੀਂ, ਸਿਰਫ ਆਨਲਾਈਨ ਦੇ ਚੱਕਰਾਂ ਤੇ ਓਟੀਪੀ ਦੇਰੀ ਨਾਲ ਆਉਣ ਕਾਰਨ ਲੋਕਾਂ ਵਿਚ ਇਹ ਗੱਲ ਦਾ ਡਰ ਪੈਦਾ ਹੋ ਗਿਆ ਹੈ ਕਿ ਗੈਸ ਸਿਲੰਡਰਾਂ ਦੀ ਕਮੀ ਆਵੇਗੀ ਜਦੋਂ ਕਿ ਏਜੰਸੀ ਦਾ ਕਹਿਣਾ ਹੈ ਉਨ੍ਹਾਂ ਕੋਲ ਗੈਸ ਸਿਲੰਡਰਾਂ ਦੀ ਕੋਈ ਕਮੀ ਨਹੀਂ, ਪਰੰਤੂ ਜੇਕਰ ਸਰਕਾਰ ਸਾਨੂੰ ਬਿਨ੍ਹਾ ਆਨਲਾਈਨ ਸਿਲੰਡਰ ਦੇਣ ਦੀ ਮਨਜੂਰੀ ਦੇ ਦੇਵੇ ਤਾਂ ਅਸੀਂ ਘਰ-ਘਰ ਸਿਲੰਡਰ ਪਹੁੰਚਾ ਸਕਦੇ ਹਾਂ। 4 ਦਿਨਾਂ ਤੋਂ ਦਿਹਾੜੀਆਂ ਛੱਡ ਕੇ ਲਾਈਨਾਂ ’ਚ ਲੱਗੇ ਹਾਂ : ਖਪਤਕਾਰ ਜਦੋਂ ਸਿਲੰਡਰ ਲੈਣ ਆਏ ਲੰਮੀਆਂ-ਲੰਮੀਆਂ ਲਾਈਨਾਂ ਵਿਚ ਖੜ੍ਹੇ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਪਣੇ ਦੁੱਖੜੇ ਸੁਣਾਉਂਦਿਆਂ ਕਿਹਾ ਕਿ ਸਾਡੇ ਕੋਲ ਸਿਲੰਡਰ ਤਾਂ ਦੋ-ਦੋ ਹਨ ਪਰੰਤੂ ਭਰਾਉਣ ਲਈ ਇਕ ਜੋਗੇ ਪੈਸੇ ਵੀ ਨਹੀਂ ਹਨ। ਫੇਰ ਵੀ ਉਹ ਕਿਸੇ ਤੋਂ ਉਧਾਰ ਲੈ ਕੇ ਦਿਹਾੜੀਆਂ ਛੱਡ ਕੇ ਸਵੇਰ ਤੋਂ ਲਾਈਨਾਂ ਵਿਚ ਖੜ੍ਹੇ ਹਨ। ਕਿਸੇ ਨੂੰ 2 ਦਿਨ ਹੋ ਗਏ, ਕਿਸੇ ਨੂੰ ਚਾਰ, ਕਿਸੇ ਨੂੰ ਸਿਲੰਡਰ ਮਿਲ ਗਿਆ ਕਿਸੇ ਨੂੰ 15-20 ਦਿਨ ਦਾ ਇੰਤਜਾਰ ਕਰਨਾ ਪਵੇਗਾ। ਲੋਕਾਂ ’ਚ ਇਹ ਡਰ ਜ਼ਰੂਰ ਬਣਿਆ ਹੋਇਆ ਹੈ ਕਿ ਲੜਾਈ ਕਾਰਨ ਤੇਲ ਤੇ ਗੈਸ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ ਇਨ੍ਹਾਂ ਦੀ ਘਾਟ ਵੀ ਪੈ ਸਕਦੀ ਹੈ। ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਤੇ ਹੋਰ ਵਪਾਰ ’ਤੇ ਪਿਆ ਅਸਰ ਸਰਕਾਰ ਦੀਆਂ ਹਦਾਇਤਾਂ ’ਤੇ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਤੇ ਹੋਰ ਵਪਾਰਿਕ ਅਦਾਰਿਆਂ ਵਿਚ ਸਿਲੰਡਰਾਂ ਦੀ ਸਪਲਾਈ ਘਟ ਜਾਣ ਕਾਰਨ ਉਨਾਂ ਦਾ ਕੰਮ ਬੰਦ ਹੋਣ ਦੀ ਕਗਾਰ ਤੇ ਆ ਗਿਆ ਹੈ, ਜਿਸ ਕਾਰਨ ਉਕਤ ਅਦਾਰਿਆਂ ਦੇ ਮਾਲਕਾਂ ਵਿਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕਰੇ ਤਾਂ ਜੋ ਕਿਸੇ ਵੀ ਵਿਅਕਤੀ ਦਾ ਕੰਮ ਠੱਪ ਨਾ ਹੋਵੇ ਅਤੇ ਗਰੀਬ ਲੋਕ ਦਿਹਾੜੀਆਂ ਛੱਡ ਕੇ ਸਿਲੰਡਰ ਭਰਾਉਣ ਦੀਆਂ ਲਾਈਨਾਂ ਵਿੱਚ ਲੱਗਣ ਲਈ ਮਜਬੂਰ ਨਾ ਹੋਣ।