- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਹੜੀ ਦਾ ਤਿਉਹਾਰ ਅੱਜ, ਸਜੇ ਬਜ਼ਾਰ, ਲੋਕਾਂ ਕੀਤੀ ਖਰੀਦਦਾਰੀ

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਲੋਹੜੀ ਦਾ ਤਿਉਹਾਰ ਮੰਗਲਵਾਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਜਿਸਦੇ ਮੱਦੇਨਜ਼ਰ ਸੋਮਵਾਰ ਨੂੰ ਸ਼ਹਿਰ ਦੇ ਬਾਜ਼ਾਰ ਲੋਹੜੀ ਦੇ ਸਾਮਾਨ ਨਾਲ ਸਜੇ ਰਹੇ ਤੇ ਲੋਕਾਂ ਨੇ ਖੂਬ ਖਰੀਦਦਾਰੀ ਕੀਤੀ। ਪਿਛਲੇ ਕਈ ਦਿਨਾਂ ਦੇ ਠੰਢ ਦੇ ਕਹਿਰ ਕਾਰਨ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਦੁਕਾਨਦਾਰਾਂ ਦੇ ਚਿਹਰੇ ਵੀ ਖ਼ਿੜੇ ਹੋਏ ਸਨ। ਧੁੱਪ ਨਿਕਲਣ ਦਾ ਅਸਰ ਵੀ ਵੇਖਿਆ ਗਿਆ ਤੇ ਆਮ ਦਿਨਾਂ ਨਾਲੋਂ ਬਾਜ਼ਾਰ ਵਿਚ ਲੋਕਾਂ ਦੀ ਆਮਦ ਜ਼ਿਆਦਾ ਦਰਜ ਕੀਤੀ ਗਈ। ਦਿਨ ਸਮੇਂ ਚੱਲੀਆਂ ਠੰਢੀਆਂ ਹਵਾਵਾਂ ਦੇ ਕਾਰਨ ਧੁੱਪ ਬੇਅਸਰ ਜਿਹੀ ਜਾਪੀ, ਪ੍ਰੰਤੂ ਕੁਝ ਹੱਦ ਤਕ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੀ ਤੇ ਉਨ੍ਹਾਂ ਘਰੋਂ ਬਾਹਰ ਨਿਕਲਣ ਦਾ ਹੌਂਸਲਾ ਵਿਖਾਇਆ।
ਲੋਹੜੀ ਦੀ ਧੂਣੀ ਜਗਾਊਣ ਦੇ ਲਈ ਲੱਕੜਾਂ ਤੇ ਪਾਥੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੇ ਵਿਚ ਬਾਜ਼ਾਰ ਵਿਚ ਵਾਹਨਾਂ ਤੇ ਪਾਥੀਆਂ ਵਿਕਦੀਆਂ ਦੇਖੀਆਂ ਗਈਆਂ। ਲੋਹੜੀ ਦੇ ਮੱਦੇਨਜ਼ਰ ਪੰਜ ਰੁਪਏ ਵਾਲੀ ਪਾਥੀ 8 ਤੋਂ 10 ਰੁਪਏ ਤਕ ਵੇਚਕੇ ਵਿਕਰੇਤਾਵਾਂ ਨੇ ਚੰਗੀ ਕਮਾਈ ਕਰਕੇ ਆਪਣੀ ਲੋਹੜੀ ਮਨਾਈ। ਸ਼ਹਿਰ ਦੇ ਪ੍ਰਤਾਪ ਨਗਰ ਵਿਚ ਲੱਕੜਾਂ ਦਾ ਟਾਲ ਚਲਾਉਣ ਵਾਲੇ ਭਗਵੰਤ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਧੂਣੀ ਬਾਲਣ ਦੇ ਲਈ ਲੱਕ਼ੜੀ 12 ਰੁਪਏ ਪ੍ਰਤੀ ਕਿੱਲੋ ਵੇਚੀ ਜਾ ਰਹੀ ਹੈ। ਜਦਕਿ ਉਨ੍ਹਾਂ ਕੋਲ ਪਾਥੀਆਂ ਵੀ ਉਪਲਭ ਹਨ, ਜਿਸਦੀ ਕੀਮਤ ਪ੍ਰਤੀ ਪਾਥੀ 8 ਰੁਪਏ ਹੈ। ਉਨ੍ਹਾਂ ਦੱਸਿਆ ਕਿ ਲੋਹੜੀ ਬਾਲਣ ਦੇ ਲਈ ਲੱਕੜਾਂ ਤੇ ਪਾਥੀਆਂ ਦੋਵਾਂ ਦੀ ਲੋੜ ਪੈਂਦੀ ਹੈ। ਪ੍ਰੰਤੂ ਜ਼ਿਆਦਾਤਰ ਲੋਕ ਇਕੱਲੀਆਂ ਪਾਥੀਆਂ ਨਾਲ ਹੀ ਲੋਹੜੀ ਬਾਲਣਾ ਪਸੰਦ ਕਰਦੇ ਹਨ।
ਸ਼ਹਿਰ ਦੇ ਸੁਨਾਮੀ ਗੇਟ ਆਏ ਲੋਕਾਂ ਦਾ ਸੈਲਾਬ, ਲੱਗਾ ਟ੍ਰੈਫਿਕ ਜਾਮ
ਲੋਹੜੀ ਦੇ ਤਿਉਹਾਰ ਦੇ ਚਲਦਿਆਂ ਬੇਸ਼ੱਕ ਸ਼ਹਿਰ ਦੇ ਸਾਰੇ ਬਾਜ਼ਾਰਾਂ ਵਿਚ ਰੌਣਕ ਵੇਖਣ ਨੂੰ ਮਿਲੀ, ਪ੍ਰੰਤੂ ਸ਼ਹਿਰ ਦੇ ਸੁਨਾਮੀ ਗੇਟ ਲੋਕਾਂ ਦਾ ਸੈਲਾਬ ਆਇਆ ਦਿੱਸਿਆ। ਇੱਥੇ ਸਜੀਆਂ ਮੂੰਗਫਲੀ, ਗੱਚਕ, ਰਿਉੜੀਆਂ ਅਤੇ ਹੋਰ ਸਾਜੋ ਸਮਾਨ ਦੀਆਂ ਦੁਕਾਨਾਂ ਤੇ ਲੋਕਾਂ ਦੀ ਭੀੜ ਕਾਫੀ ਲੱਗੀ ਹੋਈ ਸੀ। ਸ਼ਹਿਰ ਦੇ ਹੀ ਨਹੀ, ਬਲਕਿ ਨੇੜਲੇ ਪਿੰਡਾਂ ਦੇ ਲੋਕ ਵੀ ਖਰੀਦਦਾਰੀ ਕਰਨ ਪੁੱਜੇ ਹੋਏ ਸਨ। ਅਜਿਹੇ ਵਿੱਚ ਸੁਨਾਮੀ ਗੇਟ ਬਜ਼ਾਰ ਵਿੱਚ ਦਿਨ ਵੇਲੇ ਟ੍ਰੈਫਿਕ ਜਾਮ ਦੀ ਸਮੱਸਿਆ ਪਹਿਲਾਂ ਨਾਲੋ ਜ਼ਿਆਦਾ ਵੇਖੀ ਗਈ।
ਗੁੱੜ, ਖਜੂਰ ਦੇ ਨਾਲ ਡਰਾਈ ਫਰੂਟ ਵੀ ਖੂਬ ਵਿਕਿਆ
ਲੋਹੜੀ ਮੌਕੇ ਠੰਢ ਦੇ ਮੱਦੇਨਜਰ ਲੋਕਾਂ ਨੇ ਲੋਹੜੀ ਦਾ ਸਮਾਨ ਖਰੀਦਿਆਂ ਪ੍ਰੰਤੂ ਜਿਆਦਾਤਰ ਗੁੱੜ ਦੀ ਗੱਚਕ, ਖਜੂਰਾਂ ਅਤੇ ਡਰਾਈ ਫਰੂਟ ਦੀ ਡਿਮਾਂਡ ਜਿਆਦਾ ਵੇਖਣ ਨੂੰ ਮਿਲੀ। ਕਿਉਕਿ ਜਿਆਦਾ ਠੰਢ ਹੋਣ ਦੇ ਕਾਰਨ ਲੋਕ ਸਰੀਰ ਨੂੰ ਗਰਮਾਹਟ ਦੇਣ ਵਾਲੀਆਂ ਚੀਜ਼ਾਂ ਜਿਆਦਾ ਪਸੰਦ ਕਰਦੇ ਹਨ। ਗੁੱੜ ਅਤੇ ਡਰਾਈ ਫਰੂਟ ਜਿੱਥੇ ਸਰੀਰ ਨੂੰ ਗਰਮ ਰੱਖਣ ਦਾ ਕੰਮ ਕਰਦੇ ਹਨ,ਉੱਥੇ ਹੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਅਹਿਮ ਮੰਨੇ ਜਾਂਦੇ ਹਨ।
ਪ੍ਰਤੀ ਕਿੱਲੋ ਆਹ ਭਾਅ ਵਿਕਿਆ ਲੋਹੜੀ ਦਾ ਸਾਮਾਨ
ਮੂੰਗਫਲੀ 180 ਤੋਂ 220 ਪ੍ਰਤੀ ਕਿੱਲੋ
ਗੱਚਕ 150 ਤੋਂ ਲੈ ਕੇ 300 ਰੁਪਏ
ਰਿਉੜੀਆਂ 170 ਤੋਂ ਲੈ ਕੇ 250 ਰੁਪਏ
ਤਿਲ 200 ਰੁਪਏ ਕਿੱਲੋ
ਭੂਤ ਪਿੰਨਾਂ 35 ਰੁਪਏ ਪੈਕੇਟ (200 ਗ੍ਰਾਮ)
ਇੱਕ ਪਾਥੀ 5 ਤੋਂ 10 ਰੁਪਏ ਤੱਕ ਵਿਕੀ
ਲੱਕੜ 12 ਰੁਪਏ ਪ੍ਰਤੀ ਕਿੱਲੋ