ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਡਾ. ਦੀਵਾਨ ਸਿੰਘ ਕਾਲੇਪਾਣੀ ਸਬੰਧੀ ਸਮਾਗਮ
ਭਾਸ਼ਾ ਵਿਭਾਗ ਪੰਜਾਬ ਨੇ ਕਰਵਾਇਆ ਡਾ. ਦੀਵਾਨ ਸਿੰਘ ਕਾਲੇਪਾਣੀ ਸਬੰਧੀ ਸਮਾਗਮ
Publish Date: Sun, 19 Apr 2026 04:13 PM (IST)
Updated Date: Mon, 20 Apr 2026 04:01 AM (IST)

ਡਾ. ਦੀਵਾਨ ਸਿੰਘ ਕਾਲੇਪਾਣੀ ਭਾਈਚਾਰਕ ਸਾਂਝ, ਦੇਸ਼ ਭਗਤੀ ਤੇ ਲਿਆਕਤ ਦਾ ਮੁਜੱਸਮਾ ਸਨ- ਜਸਵੰਤ ਸਿੰਘ ਜ਼ਫ਼ਰ ਫੋਟੋ 19ਪੀਟੀਐੱਲ-04 ਸੀਨੀਅਰ ਰਿਪੋਰਟਰ•, ਪੰਜਾਬੀ ਜਾਗਰਣ,• ਪਟਿਆਲਾ : ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਇੱਥੇ ਭਾਸ਼ਾ ਭਵਨ ਵਿਖੇ ਉੱਘੇ ਦੇਸ਼ ਭਗਤ ਤੇ ਸਾਹਿਤਕਾਰ ਡਾ. ਦੀਵਾਨ ਸਿੰਘ ਕਾਲੇਪਾਣੀ ਸਬੰਧੀ ਦਾ ਆਯੋਜਨ ਕੀਤਾ ਹੈ। ਜਿਸ ਦੌਰਾਨ ਉੱਘੇ ਨਾਟਕਕਾਰ ਡਾ. ਆਤਮਜੀਤ ਨੇ ਡਾ. ਕਾਲੇਪਾਣੀ ਬਾਰੇ ਨਾਟਕ ‘ਕਿਸ਼ਤੀਆਂ ਵਿੱਚ ਜਹਾਜ਼’ ਦੇ ਪਾਠ ਰਾਹੀਂ ਸ਼ਾਨਦਾਰ ਪੇਸ਼ਕਾਰੀ ਕੀਤੀ। ਸਮਾਗਮ ਦੀ ਪ੍ਰਧਾਨਗੀ ਪ੍ਰੋ. ਕਿਰਪਾਲ ਕਜ਼ਾਕ ਨੇ ਕੀਤੀ। ਇਸ ਮੌਕੇ ਵੱਡੀ ਗਿਣਤੀ ’ਚ ਸਾਹਿਤ ਰਸੀਏ ਤੇ ਰੰਗਕਰਮੀ ਮੌਜੂਦ ਸਨ। ਇਸ ਸਮਾਗਮ ਰਾਹੀਂ ਭਾਸ਼ਾ ਵਿਭਾਗ ਪੰਜਾਬ ਨੇ ਸਾਲ 2026-27 ਦੇ ਸਮਾਗਮਾਂ ਦੀ ਸ਼ੁਰੂਆਤ ਵੀ ਕੀਤੀ। ਜਸਵੰਤ ਸਿੰਘ ਜ਼ਫ਼ਰ ਨੇ ‘ਕਾਲੇਪਾਣੀ ਦਾ ਹੰਸ’ ਸਿਰਲੇਖ ਤਹਿਤ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਜੀਵਨ, ਸਾਹਿਤ ਸਿਰਜਣਾ ਤੇ ਕੁਰਬਾਨੀ ਸਬੰਧੀ ਵਿਸਥਾਰ ਵਿੱਚ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਡਾ. ਕਾਲੇਪਾਣੀ ਨੇ ਆਪਣੇ ਜੀਵਨ ’ਚ ਕਈ ਮਿਸਾਲਾਂ ਕਾਇਮ ਕੀਤੀਆਂ। ਜਿੰਨਾਂ ’ਚ ਸੱਚੀ-ਸੁੱਚੀ ਕਿਰਤ, ਸਿੱਖ ਹੋਣ, ਪੰਜਾਬੀ ਹੋਣ ਅਤੇ ਗੁਰੂ ਘਰ ਦੇ ਮਾਅਨਿਆਂ ਸਬੰਧੀ ਮਿਸਾਲਾਂ ਸ਼ਾਮਲ ਹਨ। ਉਹ ਜਿੱਥੇ ਵੀ ਗਏ ਸਿੱਖ ਧਰਮ, ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੀ ਚੰਗਿਆਈਆਂ ਨੂੰ ਨਾਲ ਲੈ ਕੇ ਗਏ। ਉਨ੍ਹਾਂ ਅੰਡੇਮਾਨ ਦੀ ਧਰਤੀ ਦੇ ਹੋਰਨਾਂ ਧਰਮਾਂ ਦੇ ਲੋਕਾਂ ਨਾਲ ਮਿਲਕੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਅਤੇ ਖਾਲਸਾ ਸਕੂਲ ਵੀ ਚਲਾਇਆ। ਉਕਤ ਗੁਰੂ ਘਰ ਅੱਜ ਵੀ ਉਨ੍ਹਾਂ ਦੇ ਨਾਂ ’ਤੇ ਸਥਾਪਤ ਹੈ। ਡਾ. ਆਤਮਜੀਤ ਨੇ ਆਪਣੇ ਨਾਟਕ ‘ਕਿਸ਼ਤੀਆਂ ਵਿੱਚ ਜਹਾਜ਼’ ਰਾਹੀਂ ਡਾ. ਦੀਵਾਨ ਸਿੰਘ ਕਾਲੇਪਾਣੀ ਦੇ ਜੀਵਨ, ਸੰਘਰਸ਼ ਅਤੇ ਕੁਰਬਾਨੀ ਬਾਰੇ ਬਹੁਤ ਸਾਰੀਆਂ ਅਣਛੋਹੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਨਾਟਕ ਪਾਠ ਨੂੰ ਸੰਗੀਤਕ ਛੋਹਾਂ ਰਾਹੀਂ ਦਿਲਕਸ਼ ਬਣਾਇਆ ਅਤੇ ਹਰ ਕਿਰਦਾਰ ਨੂੰ ਬੜੇ ਭਾਵਪੂਰਤ ਤਰੀਕੇ ਨਾਲ ਨਿਭਾਇਆ। ਇਸ ਨਾਟਕ ਰਾਹੀਂ ਡਾ. ਕਾਲੇਪਾਣੀ ਦੀ ਸ਼ਖ਼ਸੀਅਤ ਨੂੰ ਸੱਚੀ-ਸੁੱਚੀ ਕਿਰਤ, ਵਿਦਵਤਾ ਭਰਪੂਰ, ਸਾਂਝੀਵਾਲਤਾ ਦੇ ਹਾਮੀ, ਦੇਸ਼ ਭਗਤੀ ਦੇ ਮੁਜੱਸਮੇ ਵਜੋਂ ਉਭਾਰਿਆ। ਆਪਣੇ ਪ੍ਰਧਾਨਗੀ ਭਾਸ਼ਣ ’ਚ ਪ੍ਰੋ. ਕਿਰਪਾਲ ਕਜ਼ਾਕ ਨੇ ਕਿਹਾ ਸਾਹਿਤ ਦੀਆਂ ਹੋਰਨਾਂ ਵਿਧਾਵਾਂ ’ਚ ਕਲਪਨਾ ਸ਼ਾਮਲ ਕੀਤੀ ਜਾ ਸਕਦੀ ਹੈ ਪਰ ਨਾਟਕ ਨੂੰ ਯਥਾਰਥ ਦੇ ਵਧੇਰੇ ਨੇੜੇ ਰੱਖਣਾ ਪੈਂਦਾ ਹੈ। ਡਾ. ਆਤਮਜੀਤ ਨੇ ਆਪਣੇ ਨਾਟਕ ਰਾਹੀਂ ਜਿੱਥੇ ਡਾ. ਕਾਲੇਪਾਣੀ ਦੇ ਜੀਵਨ ਸੰਘਰਸ਼ ਨੂੰ ਰੂਪਮਾਨ ਕੀਤਾ ਉੱਥੇ ਅਜ਼ਾਦੀ ਸੰਘਰਸ਼ ਦੀਆਂ ਬਹੁਤ ਸਾਰੀਆਂ ਅਣਛੋਹੀਆਂ ਘਟਨਾਵਾਂ ਨੂੰ ਵੀ ਆਪਣੇ ਨਾਟਕ ਰਾਹੀਂ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਟਕ ਰਾਹੀਂ ਡਾ. ਕਾਲੇਪਾਣੀ ਦੀ ਪ੍ਰੰਪਰਾਵਾਦੀ, ਧਾਰਮਿਕ ਤੇ ਆਦਰਸ਼ਵਾਦੀ ਸ਼ਖ਼ਸੀਅਤ ਵਾਲੀ ਛਵੀ ਉੱਭਰਦੀ ਹੈ। ਅਖ਼ੀਰ ਵਿੱਚ ਮਹਿਮਾਨਾਂ ਨੂੰ ਵਿਭਾਗ ਵੱਲੋਂ ਸ਼ਾਲਾਂ ਅਤੇ ਪੁਸਤਕਾਂ ਦੇ ਸੈੱਟਾਂ ਨਾਲ ਸਤਿਕਾਰ ਦਿੱਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਪਦਮਸ਼੍ਰੀ ਪ੍ਰਾਣ ਸੱਭਰਵਾਲ, ਰੰਗਕਰਮੀ ਰਾਜੇਸ਼ ਸ਼ਰਮਾ, ਹਰਜੀਤ ਕੈਂਥ, ਡਾ. ਕਾਲੇਪਾਣੀ ਦੇ ਸਬੰਧੀ ਰਾਜਿੰਦਰ ਸਿੰਘ ਛਿੰਦਾ ਆਸਟਰੇਲੀਆ, ਸ਼੍ਰੋਮਣੀ ਕਵੀ ਬਲਵਿੰਦਰ ਸੰਧੂ, ਡਾ. ਸੁਰਜੀਤ ਸਿੰਘ, ਡਾ. ਅਤੈ ਸਿੰਘ. ਡਾ. ਸੁਨੀਲ ਭਾਟੀਆ ਦਿੱਲੀ, ਡਾ. ਬਲਵੀਰ ਕੌਰ ਪੰਧੇਰ, ਗੁਰਚਰਨ ਪਬਰਾਲੀ, ਅਵਤਾਰਜੀਤ ਸਿੰਘ, ਪ੍ਰੋ. ਘੁੰਮਣ, ਭਾਸ਼ੋ, ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਕੌਰ, ਜਸਪ੍ਰੀਤ ਕੌਰ ਅਤੇ ਵੱਡੀ ਗਿਣਤੀ ’ਚ ਸਾਹਿਤਕਾਰ ਤੇ ਸਾਹਿਤ ਰਸੀਏ ਸ਼ਾਮਲ ਸਨ।