ਪੁਲਿਸ ਨੇ ਲਾਪਤਾ ਲੜਕੀ ਲੱਭ ਕੇ ਮਾਪਿਆਂ ਨੂੰ ਸੌਂਪੀ
ਲਹਿਰਾ ਪੁਲਿਸ ਨੇ ਲਾਪਤਾ ਲੜਕੀ ਲੱਭ ਕੇ ਮਾਪਿਆਂ ਨੂੰ ਸੌਂਪੀ
Publish Date: Wed, 22 Apr 2026 05:13 PM (IST)
Updated Date: Thu, 23 Apr 2026 04:04 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਸ਼ਹਿਰ ਤੋਂ ਲਾਪਤਾ ਹੋਈ ਨਾਬਾਲਿਗਾ ਦਮਨਪ੍ਰੀਤ ਨੂੰ ਲਹਿਰਾ ਪੁਲਿਸ ਨੇ ਸੁਰੱਖਿਅਤ ਤੌਰ ‘ਤੇ ਲੱਭ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਵੱਲੋਂ ਮੁਸਤੈਦੀ ਨਾਲ ਲੱਭੀ ਨਬਾਲਿਗਾ, ਪੁਲਿਸ ਦੀ ਚੁਸਤਤਾ ਅਤੇ ਸਮਰਪਣ ਦੀ ਮਿਸਾਲ ਬਣੀ ਗਈ ਹੈ। ਲੜਕੀ ਦੇ ਪਿਤਾ ਸ਼ਿੰਦਾ ਖਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਦਮਨਪ੍ਰੀਤ 17 ਅਪ੍ਰੈਲ ਨੂੰ ਅਚਾਨਕ ਘਰ ਤੋਂ ਲਾਪਤਾ ਹੋ ਗਈ ਸੀ। ਸਾਡੇ ਵੱਲੋਂ ਦਿੱਤੀ ਇਤਲਾਹ ਮੁਤਾਬਿਕ ਲਹਿਰਾ ਪੁਲਿਸ ਨੇ 18 ਅਪ੍ਰੈਲ ਨੂੰ ਤੁਰੰਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਸਪੀ ਸੰਗਰੂਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਤਿਆਰ ਕੀਤੀ ਗਈ। ਸਿਟੀ ਲਹਿਰਾ ਦੇ ਇੰਚਾਰਜ ਗੁਰਦੇਵ ਸਿੰਘ ਸਮੇਤ ਪੂਰੀ ਟੀਮ ਨੇ ਦਿਨ-ਰਾਤ ਇੱਕ ਕਰਕੇ ਵੱਖ-ਵੱਖ ਥਾਵਾਂ ਦੇ ਸੀਸੀਟੀਵੀ ਕੈਮਰੇ ਖੰਗਾਲੇ ਅਤੇ ਤਕਨੀਕੀ ਸਹਾਇਤਾ ਨਾਲ ਹਰ ਸੰਭਵ ਕੋਸ਼ਿਸ਼ ਕੀਤੀ। ਪੁਲਿਸ ਦੀ ਮੁਸਤੈਦੀ ਅਤੇ ਲਗਾਤਾਰ ਮਿਹਨਤ ਦੇ ਨਤੀਜੇ ਵਜੋਂ ਕੱਲ੍ਹ ਦਮਨਪ੍ਰੀਤ ਨੂੰ ਲੁਧਿਆਣਾ ਤੋਂ ਲੱਭ ਲਿਆ ਅਤੇ ਉਸਨੂੰ ਸੁਰੱਖਿਅਤ ਤੌਰ ‘ਤੇ ਮਾਪਿਆਂ ਦੇ ਹਵਾਲੇ ਕਰ ਦਿੱਤਾ । ਇਸ ਮੌਕੇ ‘ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦਮਨਪ੍ਰੀਤ ਦੇ ਪਿਤਾ ਸ਼ਿੰਦਾ ਖਾਨ ਨੇ ਐਸਐਸਪੀ ਸੰਗਰੂਰ ਸਮੇਤ ਸਮੁੱਚੀ ਪੁਲਿਸ ਟੀਮ ਦਾ ਦਿਲੋਂ ਧੰਨਵਾਦ ਕਰਦਿਆਂ ਸਨਮਾਨ ਵੀ ਕੀਤਾ। ਉਨ੍ਹਾਂ ਸਿਟੀ ਇੰਚਾਰਜ ਗੁਰਦੇਵ ਸਿੰਘ, ਹਰਬੰਸ ਸਿੰਘ ਮੁੱਖ ਮੁਨਸੀ (ਸਿਟੀ) ਪੁਲਸ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮੇਂ ਸ਼ਿੰਦਾ ਖਾਨ ਦੇ ਨਾਲ ਹਰਿੰਦਰ ਸਿੰਘ ਖਾਲਸਾ ਪ੍ਰਧਾਨ ਫਰੀਡਮ ਫਾਈਨਲ ਪੰਜਾਬ, ਗੁਰਮੇਲ ਸਿੰਘ ਸੰਗਤਪੁਰਾ, ਮਨਪ੍ਰੀਤ ਖਾਨ ਤੇ ਕੁਰਸੈਦ ਮੌਜੂਦ ਸਨ।