ਨਸ਼ਿਆਂ ਵਿਰੁੱਧ ਜਾਗਰੂਕਤਾ ਲੈਕਚਰ ਕਰਵਾਇਆ
ਨਸ਼ਿਆਂ ਵਿਰੁੱਧ ਜਾਗਰੂਕਤਾ ਲੈਕਚਰ ਦਾ ਆਯੋਜਨ
Publish Date: Tue, 17 Mar 2026 04:53 PM (IST)
Updated Date: Tue, 17 Mar 2026 04:55 PM (IST)

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ ਕਾਲਜ ਕਰਹਾਲੀ ਸਾਹਿਬ ਦੇ ਐੱਨ. ਐੱਸ. ਐੱਸ. ਵਿਭਾਗ ਅਤੇ ਇੰਡਸਟਰੀ ਇਨੋਵੇਸ਼ਨ ਕੌਸਲ ਦੇ ਸਾਂਝੇ ਯਤਨਾਂ ਨਾਲ ਉੱਘੇ ਸਮਾਜਸੇਵੀ ਪਰਮਜੀਤ ਸਿੰਘ ਅਗਰਵਾਲ ਦਾ ਨਸ਼ਿਆਂ ਵਿਰੁੱਧ ਮੋਟੀਵੇਸ਼ਨਲ ਲੈਕਚਰ ਕਰਵਾਇਆ ਗਿਆ। ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਰਾਬ ਅਫੀਮ ਭੁੱਕੀ ਤੰਬਾਕੂ ਹੈਰੋਇਨ ਆਦਿ ਰਵਾਇਤੀ ਨਸ਼ਿਆਂ ਤੋਂ ਇਲਾਵਾ ਲੋਕਾਂ ਨੂੰ ਪੈਸਾ ਸੁੰਦਰਤਾ ਜਾਤੀ ਅਹੁਦੇ ਆਦਿ ਦਾ ਵੀ ਨਸ਼ਾ ਹੁੰਦਾ ਹੈ। ਅੱਜ-ਕੱਲ੍ਹ ਹਰ ਬੰਦਾ ਇਹਨਾਂ ਵਿੱਚੋਂ ਕਿਸੇ ਨਾ ਕਿਸੇ ਨਸ਼ੇ ਦਾ ਸ਼ਿਕਾਰ ਹੈ। ਇਨ੍ਹਾਂ ’ਚੋਂ ਹਰ ਨਸ਼ਾ ਮਨੁੱਖ ਦਾ ਦਿਮਾਗ ਖਰਾਬ ਕਰਦਾ ਹੈ। ਨਸ਼ਾ ਕਰਨ ਵਾਲਾ ਬੰਦਾ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਜੂਝਣ ਦੀ ਬਜਾਇ ਉਨ੍ਹਾਂ ਨੂੰ ਆਰਜੀ ਤੌਰ ’ਤੇ ਭੁਲਾਉਂਦਾ ਹੈ। 18 ਤੋਂ 22 ਸਾਲ ਦੇ ਨੌਜਵਾਨ ਲੜਕੇ ਲੜਕੀਆਂ ਨਸ਼ਿਆਂ ਦੀ ਗ੍ਰਿਫਤ ਵਿਚ ਜਲਦੀ ਫਸ ਜਾਂਦੇ ਹਨ। ਕੂਲ ਲਿਪ ਤੇ ਤੰਬਾਕੂ ਕੈਂਸਰ ਦਾ ਕਾਰਨ ਬਣਦੇ ਹਨ। ਹੈਰੋਇਨ ਦਾ ਨਸ਼ਾ ਮਨੁੱਖ ਨੂੰ ਬੜੀ ਤੇਜ਼ੀ ਨਾਲ ਮੌਤ ਵੱਲ ਖਿੱਚਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ੇ ਦੀ ਸਪਲਾਈ ਬੰਦ ਕਰਨ ਨਾਲੋਂ ਨਸ਼ੇ ਦੀ ਡਿਮਾਂਡ ਬੰਦ ਕਰਨ ਦੀ ਲੋੜ ਹੈ। ਡਿਮਾਂਡ ਬੰਦ ਕਰਨ ਲਈ ਨਸ਼ਿਆਂ ਪ੍ਰਤੀ ਜਾਗਰੂਕਤਾ ਦੀ ਲੋੜ ਹੈ। ਸਾਂਝ ਕੇਂਦਰ ਪਸਿਆਣਾ ਦੇ ਇੰਚਾਰਜ ਹਰਵਿੰਦਰ ਸਿੰਘ ਏ. ਐੱਸ. ਆਈ. ਨੇ ਇਸ ਪ੍ਰੋਗ੍ਰਾਮ ਦੇ ਸੰਚਾਲਨ ਵਿਚ ਸਹਿਯੋਗ ਦਿੱਤਾ।