ਜ਼ਿਲ੍ਹਾ ਅਦਾਲਤਾਂ ’ਚ ਵਕੀਲਾਂ ਵੱਲੋਂ ਪੂਰਨ ਹੜਤਾਲ, 7 ਦਿਨ ਕੰਮਕਾਜ ਰਹੇਗਾ ਠੱਪ
ਜ਼ਿਲ੍ਹਾ ਅਦਾਲਤਾਂ ’ਚ ਵਕੀਲਾਂ ਵੱਲੋਂ ਪੂਰਨ ਹੜਤਾਲ, 7 ਦਿਨ ਕੰਮਕਾਜ ਰਹੇਗਾ ਠੱਪ
Publish Date: Sat, 21 Feb 2026 05:38 PM (IST)
Updated Date: Sun, 22 Feb 2026 04:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਅਦਾਲਤਾਂ ਸੰਗਰੂਰ ਵਿਚ ਸ਼ਨਿੱਚਰਵਾਰ ਨੂੰ ਸਮੂਹ ਵਕੀਲ ਭਾਈਚਾਰੇ ਵੱਲੋਂ ਪੰਜਾਬ ਭਰ ਵਿਚ ਦਿੱਤੇ ਗਏ ਹੜਤਾਲ ਦੇ ਸੱਦੇ ਨੂੰ ਸਮਰਥਨ ਦਿੰਦਿਆਂ ਪੂਰਨ ਤੌਰ ’ਤੇ ਕੰਮਕਾਜ ਬੰਦ ਰੱਖਿਆ ਗਿਆ। ਵਕੀਲਾਂ ਨੇ ਅਦਾਲਤਾਂ ਦੇ ਸਾਹਮਣੇ ਦਰੀਆਂ ਵਿਛਾ ਕੇ ਰੋਸ ਧਰਨਾ ਦਿੱਤਾ ਅਤੇ ਕਿਸੇ ਵੀ ਵਕੀਲ ਨੇ ਅਦਾਲਤ ਅੰਦਰ ਪੇਸ਼ੀ ਨਹੀਂ ਦਿੱਤੀ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਵਕੀਲਾਂ ਨੇ ਐਲਾਨ ਕੀਤਾ ਕਿ ਇਹ ਹੜਤਾਲ ਲਗਾਤਾਰ 7 ਦਿਨ ਤੱਕ ਜਾਰੀ ਰਹੇਗੀ ਤੇ ਪੰਜਾਬ ਭਰ ਵਿਚ ਇਸੇ ਤਰ੍ਹਾਂ ਅਦਾਲਤੀ ਕਾਰਵਾਈ ਠੱਪ ਰਹੇਗੀ। ਉਨ੍ਹਾਂ ਕਿਹਾ ਕਿ ਹੜਤਾਲ ਦੇ ਮੁੱਖ ਮੁੱਦੇ ਵਿਚ ਐਕਸ਼ਨ ਪਲਾਨ ਪਾਲਿਸੀ ਨੂੰ ਰੱਦ ਕਰਵਾਉਣਾ, ਡੀਏਐੱਲਐੱਸ ਪਾਲਿਸੀ ਨੂੰ ਖ਼ਤਮ ਕਰਵਾਉਣਾ ਤੇ ਗ੍ਰਾਮ ਨਿਆਲਿਆ ਸਥਾਪਨਾ ਦੇ ਫੈਸਲੇ ਨੂੰ ਪੰਜਾਬ ਵਿਚ ਲਾਗੂ ਨਾ ਹੋਣ ਦੇਣਾ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਮੰਗਾਂ ਵੀ ਵਕੀਲ ਭਾਈਚਾਰੇ ਵੱਲੋਂ ਰੱਖੀਆਂ ਗਈਆਂ ਹਨ, ਜਿਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਪੂਰਾ ਕੀਤਾ ਜਾਵੇ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਕੱਤਰ ਸਿਮਰਨਜੀਤ ਸਿੰਘ ਬਲੱਗਣ ਸਮੇਤ ਸੁਰਜੀਤ ਸਿੰਘ ਗਰੇਵਾਲ, ਦਲਜੀਤ ਸਿੰਘ ਸੇਖੋਂ, ਲਲਿਤ ਗਰਗ, ਗੁਰਤੇਜ ਸਿੰਘ ਹਰੀਕਾ, ਪ੍ਰਿਤਪਾਲ ਸਿੰਘ ਸਿੱਧੂ, ਸਵਰਨ ਸਿੰਘ ਰਟੌਲ, ਸੁਖਵੀਰ ਸਿੰਘ ਪੂਨੀਆ, ਪਵਨ ਕੁਮਾਰ ਗੁਪਤਾ, ਗਗਨਦੀਪ ਸਿੰਘ ਸਿਬੀਆ, ਹਰਸ਼ ਕੁਮਾਰ, ਕੇਸ਼ਵ ਕੁਮਾਰ, ਰਤਨ ਕੁਮਾਰ ਵਰਮਾ ਅਤੇ ਗੁਰਤੇਜ ਸਿੰਘ ਗਰੇਵਾਲ ਐਡਵੋਕੇਟ ਹਾਜ਼ਰ ਸਨ। ਵਕੀਲ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ’ਤੇ ਸਕਾਰਾਤਮਕ ਫੈਸਲਾ ਨਹੀਂ ਲੈਂਦੀ, ਹੜਤਾਲ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਵਕੀਲ ਭਾਈਚਾਰਾ ਆਪਣੇ ਹੱਕਾਂ ਅਤੇ ਨਿਆਂ ਪ੍ਰਣਾਲੀ ਦੀ ਸੁਤੰਤਰਤਾ ਲਈ ਇਕਜੁੱਟ ਹੋ ਕੇ ਸੰਘਰਸ਼ ਕਰ ਰਿਹਾ ਹੈ।