'ਸਿੰਗਲ ਵਿੰਡੋ' ਵਿਦਿਆਰਥੀ ਸੁਵਿਧਾ ਕੇਂਦਰ ਦੀ ਸ਼ੁਰੂਆਤ
'ਸਿੰਗਲ ਵਿੰਡੋ' ਵਿਦਿਆਰਥੀ ਸੁਵਿਧਾ ਕੇਂਦਰ ਦੀ ਸ਼ੁਰੂਆਤ
Publish Date: Mon, 02 Mar 2026 05:44 PM (IST)
Updated Date: Tue, 03 Mar 2026 04:06 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਚੀਮਾ ਮੰਡੀ ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਵਿਦਿਆਰਥੀ ਪੱਖੀ ਪਹਿਲਕਦਮੀ ਕਰਦਿਆਂ ਸਿੰਗਲ ਵਿੰਡੋ ਵਿਦਿਆਰਥੀ ਸੁਵਿਧਾ ਕੇਂਦਰ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜਪੁਜੀ ਸਾਹਿਬ ਦਾ ਪਾਠ ਉਪਰੰਤ ਅਰਦਾਸ ਬੇਨਤੀ ਕੀਤੀ ਗਈ।ਇਸ ਮੌਕੇ ਪਹੁੰਚੇ ਮਹਿਮਾਨ ਸਿਕੰਦਰ ਸਿੰਘ ਚੀਮਾ, ਡੀਐੱਸਪੀ ਬੁਢਲਾਡਾ ਨੂੰ ਜੀ ਆਇਆਂ ਕਿਹਾ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਅਕਸਰ ਵਿਦਿਆਰਥੀਆਂ ਨੂੰ ਆਪਣੇ ਪੁਰਾਣੇ ਅਕਾਦਮਿਕ ਰਿਕਾਰਡ, ਨਤੀਜਿਆਂ ਦੀਆਂ ਦਰੁਸਤੀਆਂ ਜਾਂ ਡਿਗਰੀਆਂ/ਡੀਐਮਸੀ. ਸਬੰਧੀ ਜਾਣਕਾਰੀ ਲੈਣ ਲਈ ਯੂਨੀਵਰਸਿਟੀ ਦੇ ਵੱਖ-ਵੱਖ ਦਫ਼ਤਰਾਂ ਅਤੇ ਖਿੜਕੀਆਂ ਦੇ ਚੱਕਰ ਲਗਾਉਣੇ ਪੈਂਦੇ ਸਨ। ਵਿਦਿਆਰਥੀਆਂ ਦੇ ਇਸ ਕੀਮਤੀ ਸਮੇਂ ਅਤੇ ਖੱਜਲ-ਖੁਆਰੀ ਨੂੰ ਬਚਾਉਣ ਲਈ ਕਾਲਜ ਵਿਖੇ ਸਿੰਗਲ ਵਿੰਡੋ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਹੁਣ ਕੋਈ ਵੀ ਮੌਜੂਦਾ ਜਾਂ ਪੁਰਾਣਾ ਵਿਦਿਆਰਥੀ ਆਪਣੀ ਕਿਸੇ ਵੀ ਪ੍ਰਬੰਧਕੀ ਮੁਸ਼ਕਿਲ ਲਈ ਸਿੱਧਾ ਇਸ ਕੇਂਦਰ ਵਿੱਚ ਪਹੁੰਚ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ‘ਜੀਐਨਸੀ. ਬੁਢਲਾਡਾ’ ਨਾਮ ਦੀ ਐਪਲੀਕੇਸ਼ਨ ਪਲੇਅ ਸਟੋਰ ਤੇ ਜਾਰੀ ਕੀਤੀ ਗਈ ਅਤੇ ਹੈਲਪਲਾਈਨ ਨੰਬਰ 76580-53146 ਵੀ ਜਾਰੀ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਕਾਲਜ ਚੋਂ ਪਾਸ ਆਊਟ ਵਿਦਿਆਰਥੀ ਆਪਣੇ ਪੁਰਾਣੇ ਡੀਐਮਸੀ., ਕਰੈਕਟਰ ਸਰਟੀਫਿਕੇਟ ਜਾਂ ਹੋਰ ਦਸਤਾਵੇਜ਼ਾਂ ਬਾਰੇ ਇੱਥੋਂ ਤੁਰੰਤ ਜਾਣਕਾਰੀ ਅਤੇ ਸਹਾਇਤਾ ਲੈ ਸਕਦੇ ਹਨ। ਜੇਕਰ ਕਿਸੇ ਵਿਦਿਆਰਥੀ ਦੇ ਨਤੀਜੇ ਵਿੱਚ ਕੋਈ ਦੇਰੀ ਹੈ, ਲੋਅਰ ਰਿਜ਼ਲਟ ਜਾਂ ਰਿਜ਼ਲਟ ਲੇਟ ਵਰਗੀਆਂ ਸਮੱਸਿਆਵਾਂ ਹਨ ਤਾਂ ਵਿਦਿਆਰਥੀ ਸੁਵਿਧਾ ਕੇਂਦਰ ਦੇ ਕਰਮਚਾਰੀ ਯੂਨੀਵਰਸਿਟੀ ਪੱਧਰ ਤੇ ਤਾਲਮੇਲ ਕਰਕੇ ਇਸ ਦਾ ਹੱਲ ਕਰਵਾਉਣਗੇ। ਡੀਐਸਪੀ ਚੀਮਾ ਨੇ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਇਸ ਸਮੇਂ ਦੀ ਲੋੜ ਹੈ।ਗੁਰੂ ਨਾਨਕ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਸੁਵਿਧਾਵਾਂ ਲਈ ਵਚਨਬੱਧ ਹੈ। ਵਿਦਿਆਰਥੀਆਂ ਨੇ ਇਸ ਸੁਵਿਧਾ ਨੂੰ ਕਾਲਜ ਵੱਲੋਂ ਮਿਲਿਆ ਇੱਕ ਵੱਡਾ ਤੋਹਫ਼ਾ ਕਰਾਰ ਦਿੱਤਾ।