ਭਾਕਿਯੂ ਸਿੱਧੂਪੁਰ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਖੇਤੀ ਮਸਲਿਆਂ ਸਬੰਧੀ ਸੀਐਮ ਪੰਜਾਬ ਨੁੂੰ ਦਿੱਤਾ ਮੰਗ ਪੱਤਰ
Publish Date: Sat, 11 Apr 2026 06:29 PM (IST)
Updated Date: Sat, 11 Apr 2026 06:32 PM (IST)

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਖੇਤੀ ਦੇ ਅਹਿਮ ਮਸਲਿਆਂ ਸਬੰਧੀ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਮ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਖੇਤੀ ਖੇਤਰ ਦੇਸ਼ ਦੀ 60% ਆਬਾਦੀ ਦਾ ਰੋਜ਼ੀ ਰੋਟੀ ਦਾ ਸਾਧਨ ਹੈ ਅਤੇ ਲੱਗਭਗ 50 ਫੀਸਦੀ ਅਬਾਦੀ ਸਿੱਧੇ ਤੌਰ ’ਤੇ ਖੇਤੀ ਖੇਤਰ ਤੇ ਨਿਰਭਰ ਕਰਦੀ ਹੈ। ਪ੍ਰੰਤੂ ਸਰਕਾਰ ਦੀ ਖੇਤੀ ਸੰਬੰਧੀ ਕੋਈ ਵੀ ਠੋਸ ਨੀਤੀ ਨਾ ਹੋਣ ਕਾਰਨ ਖੇਤੀ ਖੇਤਰ ਗੰਭੀਰ ਸੰਕਟ ਵਿਚ ਘਿਰਿਆ ਹੋਇਆ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਸੂਬੇ ਦੀ ਆਰਥਿਕਤਾ ਵੀ ਖੇਤੀ ਉਪਰ ਹੀ ਨਿਰਭਰ ਕਰਦੀ ਹੈ ਤੇ ਪੰਜਾਬ ਦੀ ਜ਼ਮੀਨ ਦਰਿਆਈ ਮਿੱਟੀ ਦੀ ਉਪਜਾਊ ਧਰਤੀ ਹੈ ਪ੍ਰੰਤੂ ਫਿਰ ਵੀ ਸੂਬੇ ਦੀ ਖੇਤੀ ਸੰਕਟ ਗ੍ਰਸਤ ਹੈ। ਜਿਸ ਨਾਲ ਸੂਬੇ ਦੇ ਵਸਨੀਕਾ ਦਾ ਆਰਥਿਕ ਅਤੇ ਸਮਾਜਿਕ ਜੀਵਨ ਪ੍ਰਭਾਵਿਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਜੋਰਾਵਰ ਸਿੰਘ ਬਲਬੇੜ੍ਹਾ ਨੇ ਸੀਐਮ ਪੰਜਾਬ ਦੇ ਨਾਮ ਮੰਗ ਪੱਤਰ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਕਾਰਨ ਕਿਸਾਨ, ਮਜ਼ਦੂਰ ਅਤੇ ਛੋਟੇ ਦੁਕਾਨਦਾਰ ਖੁਦਕੁਸ਼ੀਆਂ ਕਰ ਰਹੇ ਹਨ ਪੰਜਾਬ ਦਾ ਪਾਣੀ ਹਵਾ ਦੂਸ਼ਿਤ ਹੋ ਚੁੱਕਿਆ ਹੈ ਅਤੇ ਕੀਟ ਨਾਸ਼ਕ ਨਦੀਨ ਨਾਸ਼ਕ ਦਵਾਈਆਂ ਵਰਤੋਂ ਕਾਰਨ ਜ਼ਮੀਨ ਦੀ ਸਿਹਤ ਖਰਾਬ ਹੋ ਚੁੱਕੀ ਹੈ ਜਿਸ ਕਰਕੇ ਸੂਬੇ ਵਕੈਂਸਰ, ਕਾਲਾ ਪੀਲੀਆ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਇਸ ਮੌਕੇ ਜੀਤ ਸਿੰਘ ਕਕਰਾਲਾ,ਅਵਤਾਰ ਸਿੰਘ, ਭੁਪਿੰਦਰ ਸਿੰਘ,ਹਰਦਿਆਲ ਸਿੰਘ,ਪ੍ਰਗਟ ਸਿੰਘ, ਗੁਰਜੰਟ ਸਿੰਘ, ਚੂਹੜ ਸਿੰਘ ਤੇ ਹੋਰ ਕਿਸਾਨ ਆਗੂ ਮੌਜੂਦ ਸਨ।