ਕਰਜ਼ੇ ਹੇਠ ਕੁਚਲੇ ਕਿਸਾਨਾਂ ਲਈ ਸੰਯੁਕਤ ਕਿਸਾਨ ਮੋਰਚਾ ਸੜਕਾਂ ‘ਤੇ
ਕਰਜ਼ੇ ਹੇਠ ਕੁਚਲੇ ਕਿਸਾਨਾਂ ਲਈ ਸੰਯੁਕਤ ਕਿਸਾਨ ਮੋਰਚਾ ਸੜਕਾਂ ‘ਤੇ
Publish Date: Fri, 03 Apr 2026 04:28 PM (IST)
Updated Date: Fri, 03 Apr 2026 04:31 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਮਿਨੀ ਸਕੱਤਰੇਤ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਐੱਸਡੀਐੱਮ ਰਾਜਪੁਰਾ ਨੂੰ ਇਕ ਮੰਗ ਪੱਤਰ ਸੌਂਪਦਿਆਂ ਕਿਸਾਨੀ ਸੰਕਟ ’ਤੇ ਗੰਭੀਰ ਚਿੰਤਾ ਜਤਾਈ ਗਈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਫਰੀਦਕੋਟ ਦੇ ਪਿੰਡ ਹਰੀਨੋ ਦੇ ਦੋ ਕਿਸਾਨ ਭਰਾ ਜਸਕਰਨ ਸਿੰਘ ਤੇ ਜੋਰਾ ਸਿੰਘ ਵੱਲੋਂ ਕਰਜ਼ੇ ਦੇ ਭਾਰ ਹੇਠ ਆ ਕੇ ਰੇਲਵੇ ਟਰੈਕ ’ਤੇ ਖੁਦਕੁਸ਼ੀ ਕਰ ਲੈਣਾ ਬਹੁਤ ਹੀ ਦੁਖਦਾਈ ਅਤੇ ਚਿੰਤਾਜਨਕ ਘਟਨਾ ਹੈ। ਇਸ ਤੋਂ ਪਹਿਲਾਂ ਐੱਸਡੀਐੱਮ ਦਫਤਰ ਮੂਹਰੇ ਜਥੇਬੰਦੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਆਲੂ ਵਰਗੀਆਂ ਫਸਲਾਂ ਦਾ ਵਾਜਬ ਮੁੱਲ ਨਾ ਮਿਲਣਾ ਅਤੇ ਲੰਬੇ ਸਮੇਂ ਤੋਂ ਚੜ੍ਹਦਾ ਕਰਜ਼ਾ ਕਿਸਾਨਾਂ ਨੂੰ ਮੌਤ ਵੱਲ ਧੱਕ ਰਿਹਾ ਹੈ। ਮੋਰਚੇ ਨੇ ਦੋਸ਼ ਲਗਾਇਆ ਕਿ ਸਰਕਾਰ ਦੀਆਂ ਲੋਕ ਮਾਰੂ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਤੇ ਮਜ਼ਦੂਰ ਵਰਗ ਕਰਜ਼ੇ ਦੇ ਮੱਕੜ ਜਾਲ ਵਿਚ ਫਸਦਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ ਅਤੇ ਸਾਰੇ ਕਰਜ਼ੇ ਮੁਆਫ ਕਰਕੇ ਕਿਸਾਨਾਂ ਨੂੰ ਆਰਥਿਕ ਰਾਹਤ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਨੇ ਅੰਤਰਰਾਸ਼ਟਰੀ ਮਾਮਲਿਆਂ ‘ਤੇ ਵੀ ਆਪਣੀ ਆਵਾਜ਼ ਬੁਲੰਦ ਕਰਦਿਆਂ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਦੇ ਬੇਕਸੂਰ ਲੋਕਾਂ ’ਤੇ ਹੋ ਰਹੇ ਹਮਲੇ ਤੁਰੰਤ ਰੋਕਣ ਦੀ ਮੰਗ ਕੀਤੀ। ਮੋਰਚੇ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਪੂਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਅੱਜ ਇਸ ਇਕੱਠ ਨੂੰ ਹਰਿੰਦਰ ਸਿੰਘ ਲਾਖਾ ਰਘਵੀਰ ਸਿੰਘ ਮੰਡੋਲੀ ਨੈਬ ਸਿੰਘ ਲੋਚਮਾ ਭਜਨ ਸਿੰਘ ਲੋਹਾ ਖੇੜੀ ਲਖਬੀਰ ਸਿੰਘ ਲੱਜਾ ਜੈ ਸਿੰਘ ਅਜਰਾਬਰ ਮਾਨ ਸਿੰਘ ਧਰਮਗੜ੍ਹ ਜੱਸੀ ਕੁੱਥਾ ਖੇੜੀ ਰਾਜਿੰਦਰ ਸਿੰਘ ਪ੍ਰਧਾਨ ਸੰਦੀਪ ਸਿੰਘ ਨਗਾਵਾਂ ਸੰਤ ਸਿੰਘ ਢੀਡਸਾਂ ਰਾਮਕਰਨ ਸਾਬਕਾ ਸਰਪੰਚ ਬਲਬੀਰ ਸਿੰਘ ਢਕਨਸੂ ਬਲਜੀਤ ਸਿੰਘ ਫੌਜੀ ਨੇ ਵੀ ਸੰਬੋਧਨ ਕੀਤਾ।