ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ ਬਣਾਈਆਂ ਜਾਣਗੀਆਂ ਇਕਾਈਆਂ : ਡਾ. ਦਰਸ਼ਨਪਾਲ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ ਦਰਸ਼ਨ ਪਾਲ ਦੀ ਹਾਜ਼ਰੀ ਵਿੱਚ ਲਏ ਵੱਡੇ ਫੈਸਲੇ
Publish Date: Sun, 11 Jan 2026 04:31 PM (IST)
Updated Date: Sun, 11 Jan 2026 04:33 PM (IST)

ਫੋਟੋ 11ਪੀਟੀਐਲ: 4 ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨਾਭਾ ਬਲਾਕ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂਵਾਲਾ ਸਾਹਿਬ ਵਿਖੇ ਪ੍ਰਿਤਪਾਲ ਸਿੰਘ ਦੀ ਬਲਾਕ ਪ੍ਰਧਾਨਗੀ ਹੇਠਾਂ ਹੋਈ। ਮੀਟਿੰਗ ’ਚ ਡਾਕਟਰ ਦਰਸ਼ਨ ਪਾਲ ਸੂਬਾ ਪ੍ਰਧਾਨ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਵਿਚ ਸ਼ਾਮਿਲ ਵੱਖ-ਵੱਖ ਪਿੰਡਾਂ ਦੇ ਕਿਸਾਨ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਦਰਸ਼ਨ ਪਾਲ ਨੇ ਅਪੀਲ ਕੀਤੀ ਕਿ 12 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਜੋ ਟੋਲ ਪਲਾਜ਼ਿਆਂ ਨੂੰ ਖੋਲ੍ਹਣ ਦਾ ਸੱਦਾ ਦਿੱਤਾ ਗਿਆ ਹੈ, ਉਸ ਨੂੰ ਲਾਗੂ ਕਰਨਾ ਹੈ। ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਨਾਭਾ ਬਲਾਕ ਦੇ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਵਿਚ ਕਾਲਾ ਝਾੜ ਟੋਲ ਪਲਾਜ਼ੇ ’ਤੇ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਟੋਲ ਪਲਾਜ਼ੇ ਨੂੰ ਪਿਰਤਪਾਲ ਸਿੰਘ ਦੀ ਅਗਵਾਈ ਹੇਠਾਂ 12 ਤੋਂ ਲੈ ਕੇ 3 ਵਜੇ ਤੱਕ ਫ਼ਰੀ ਕਰਨਗੇ। ਬਲਾਕ ਨਾਭਾ ਪ੍ਰਧਾਨ ਪ੍ਰਿਤਪਾਲ ਸਿੰਘ ਤੇ ਜ਼ਿਲ੍ਹਾ ਆਗੂ ਹਰਮੇਲ ਸਿੰਘ ਤੁੰਗਾਂ ਨੇ ਮੀਟਿੰਗ ਵਿਚ ਸ਼ਾਮਿਲ ਕਿਸਾਨ ਆਗੂਆਂ ਅਤੇ ਵਰਕਰਾਂ ਨੂੰ 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਸਾਰੇ ਦੇਸ਼ ਵਿਚ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025, ਮਨਰੇਗਾ ਵਿਚ ਸੋਧ ਕੀਤੇ ਕਾਨੂੰਨ, ਜੀ.ਆਰ.ਐਮ.ਜੀ., ਚਾਰ ਕਿਰਤ ਕਾਨੂੰਨਾਂ ਦੇ ਵਿਰੋਧ ਵਿਚ ਅਤੇ ਘੱਟੋ-ਘੱਟ ਸਮਰਥਨ ਮੁੱਲ ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਮੁਤਾਬਕ ਲੈਣ ਦੀ ਕਾਨੂੰਨੀ ਗਾਰੰਟੀ ਲਈ ਅਤੇ ਸਾਰੇ ਕਿਸਾਨਾਂ ਦੇ ਸਾਰੇ ਕਿਸਮ ਦੇ ਕਰਜ਼ਿਆਂ ’ਤੇ ਲਕੀਰ ਮਾਰਨ ਲਈ ਜੋ ਧਰਨੇ ਲਾਏ ਜਾ ਰਹੇ ਹਨ, ਉਨ੍ਹਾਂ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਮੀਟਿੰਗ ’ਚ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਸੈਂਕੜਿਆਂ ਦੀ ਗਿਣਤੀ ਵਿਚ ਨਾਭਾ ਬਲਾਕ ਦੇ ਕਿਸਾਨ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਅੱਗੇ ਧਰਨੇ ਵਿੱਚ ਸ਼ਾਮਿਲ ਹੋ ਕੇ ਆਪਣਾ ਰੋਸ ਪ੍ਰਗਟ ਕਰਨਗੇ। ਕੌਮੀ ਇਨਸਾਫ ਮੋਰਚੇ ਵੱਲੋਂ 26 ਜਨਵਰੀ ਨੂੰ ਰੋਸ ਅਤੇ ਕਾਲਾ ਦਿਵਸ ਮਨਾਉਣ ਲਈ ਜੋ ਮੁਹਾਲੀ ਮੋਰਚੇ ਤੋਂ ਐਲਾਨ ਕੀਤਾ ਗਿਆ ਹੈ, ਉਸ ਪ੍ਰੋਗਰਾਮ ਦੇ ਮੁਤਾਬਕ ਕਾਲੇ ਝੰਡਿਆਂ, ਕਾਲੇ ਭਟਕਿਆਂ ਅਤੇ ਕਾਲੀਆਂ ਪੱਗਾਂ ਬੰਨ੍ਹ ਕੇ ਜਿੱਥੇ ਯੂਨੀਅਨ ਵੱਲੋਂ ਬਾਕੀ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਭਰ ’ਚ ਸਾਰੇ 49 ਟੋਲ ਪਲਾਜ਼ਿਆਂ ਨੂੰ ਖੋਲ੍ਹਿਆ ਜਾਵੇਗਾ, ਉਥੇ ਪਟਿਆਲਾ ਜ਼ਿਲ੍ਹੇ ਵਿਚ ਨਾਭਾ ਬਲਾਕ ਤੋਂ ਕਿਸਾਨ ਵੱਡੀ ਗਿਣਤੀ ਵਿਚ ਫਿਰ ਕਾਲਾ ਝਾੜ ਟੋਲ ਪਲਾਜ਼ਾ ਨੂੰ ਵੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਖੋਲ੍ਹ ਕੇ ਰੱਖਣਗੇ। ਅਖੀਰ ਵਿਚ ਨਾਭਾ ਬਲਾਕ ਦੇ ਪਿੰਡਾਂ ਵਿੱਚ ਫੰਡ ਇਕੱਠਾ ਕਰਨ ਦੀ ਮੁਹਿੰਮ ਦੀ ਯੋਜਨਾ ਵੀ ਬਣਾਈ ਗਈ ਅਤੇ ਇਹ ਵੀ ਫੈਸਲਾ ਕੀਤਾ ਗਿਆ ਕਿ ਪਿੰਡਾਂ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ ਇਕਾਈਆਂ ਬਣਾਈਆਂ ਜਾਣਗੀਆਂ ਅਤੇ ਗੈਰ ਅਤੇ ਘੱਟ ਸਰਗਰਮ ਇਕਾਈਆਂ ਨੂੰ ਮੁੜ ਸਰਗਰਮ ਕੀਤਾ ਜਾਵੇਗਾ।