ਇਨਸਾਫ਼ ਮੋਰਚਾ 26 ਜਨਵਰੀ ਨੂੰ ਕਾਲਾ ਦਿਵਸ ਵਜੋਂ ਮਨਾਏਗੀ : ਡਾ. ਦਰਸ਼ਨਪਾਲ
ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ
Publish Date: Fri, 09 Jan 2026 05:25 PM (IST)
Updated Date: Fri, 09 Jan 2026 05:27 PM (IST)

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਸਨੌਰ ਬਲਾਕ ਦੀ ਮੀਟਿੰਗ ਭੁਪਿੰਦਰ ਸਿੰਘ ਘਿਓਰਾ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠਾਂ ਹੋਈ। ਅੱਜ ਦੀ ਮੀਟਿੰਗ ਵਿਚ ਡਾਕਟਰ ਦਰਸ਼ਨ ਪਾਲ ਸੂਬਾ ਪ੍ਰਧਾਨ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ’ਚ ਸ਼ਾਮਿਲ ਵੱਖ-ਵੱਖ ਪਿੰਡਾਂ ਦੇ ਕਿਸਾਨ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਡਾ. ਦਰਸ਼ਨਪਾਲ ਨੇ ਅਪੀਲ ਕੀਤੀ ਕਿ 12 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਜੋ ਟੋਲ ਪਲਾਜ਼ਿਆਂ ਨੂੰ ਖੋਲ੍ਹਣ ਦਾ ਸੱਦਾ ਦਿੱਤਾ ਗਿਆ ਹੈ ਉਸ ਨੂੰ ਲਾਗੂ ਕਰਨਾ ਹੈ। ਮੀਟਿੰਗ ’ਚ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਸਨੌਰ ਬਲਾਕ ਦੇ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਵਿਚ ਧਰੇੜੀ ਜੱਟਾਂ ਟੋਲ ਪਲਾਜ਼ੇ ’ਤੇ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਟੋਲ ਪਲਾਜ਼ੇ ਨੂੰ ਭੁਪਿੰਦਰ ਸਿੰਘ ਘਿਓਰਾ ਦੀ ਅਗਵਾਈ ਹੇਠਾਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਫ੍ਰੀ ਕਰਨਗੇ। ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਘਿਓਰਾ ਤੇ ਜਰਨਲ ਸਕੱਤਰ ਅਵਤਾਰ ਸਿੰਘ ਕੌਰਜੀਵਾਲਾ ਨੇ ਮੀਟਿੰਗ ਵਿਚ ਸ਼ਾਮਲ ਕਿਸਾਨ ਆਗੂਆਂ ਅਤੇ ਵਰਕਰਾਂ ਨੂੰ 16 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਸਾਰੇ ਦੇਸ਼ ਵਿਚ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ, ਬਿਜਲੀ ਸੋਧ ਬਿਲ 2025, ਬੀਜ ਬਿੱਲ 2025, ਮਨਰੇਗਾ ਵਿੱਚ ਸੋਧ ਕੀਤੇ ਕਾਨੂੰਨ ਜੀ. ਰਾਮ. ਜੀ, ਚਾਰ ਕਿਰਤ ਕਾਨੂੰਨਾਂ ਦੇ ਵਿਰੋਧ ਵਿਚ ਅਤੇ ਘੱਟੋ ਘੱਟ ਸਮਰਥਨ ਮੁੱਲ ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੁਤਾਬਕ ਲੈਣ ਦੀ ਕਾਨੂੰਨੀ ਗਾਰੰਟੀ ਲਈ ਤੇ ਸਾਰੇ ਕਿਸਾਨਾਂ ਦੇ ਸਾਰੇ ਕਿਸਮ ਦੇ ਕਰਜ਼ਿਆਂ ਉੱਤੇ ਲਕੀਰ ਮਾਰਨ ਲਈ ਜੋ ਧਰਨੇ ਲਾਏ ਜਾ ਰਹੇ ਹਨ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸਨੌਰ ਬਲਾਕ ਦੇ ਕਿਸਾਨ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱਗੇ ਧਰਨੇ ਵਿਚ ਸ਼ਾਮਿਲ ਹੋ ਕੇ ਆਪਣਾ ਰੋਸ ਪ੍ਰਗਟ ਕਰਨਗੇ। ਕੌਮੀ ਇਨਸਾਫ ਮੋਰਚੇ ਵੱਲੋਂ ਜੋ 26 ਜਨਵਰੀ ਨੂੰ ਰੋਸ ਅਤੇ ਕਾਲਾ ਦਿਵਸ ਮਨਾਉਣ ਲਈ ਜੋ ਮੋਹਾਲੀ ਮੋਰਚੇ ਤੋਂ ਐਲਾਨ ਕੀਤਾ ਗਿਆ ਹੈ, ਦੇ ਪ੍ਰੋਗਰਾਮ ਦੇ ਮੁਤਾਬਕ ਕਾਲੇ ਝੰਡਿਆਂ, ਕਾਲੇ ਪਟਕਿਆਂ ਅਤੇ ਕਾਲੀਆਂ ਪੱਗਾਂ ਬੰਨ੍ਹ ਕੇ ਜਿੱਥੇ ਯੂਨੀਅਨ ਵੱਲੋਂ ਬਾਕੀ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਭਰ’ ਚ ਸਾਰੇ 49 ਟੋਲ ਪਲਾਜ਼ਿਆਂ ਨੂੰ ਖੋਲਿਆ ਜਾਵੇਗਾ। ਉਥੇ ਜ਼ਿਲ੍ਹੇ ’ਚ ਸਨੌਰ ਬਲਾਕ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਫਿਰ ਧਰੇੜੀ ਜੱਟਾਂ ਟੋਲ ਪਲਾਜ਼ਾ ਨੂੰ ਵੀ 12 ਵਜੇ ਤੋਂ ਲੈ ਕੇ 3 ਵਜੇ ਤੱਕ ਖੋਲ੍ਹ ਕੇ ਰੱਖਣਗੇ।