ਕਿਸਾਨ ਯੂਨੀਅਨ ਖੋਸਾ ਦੇ ਦਬਾਅ ਹੇਠ ਕਣਕ ਦੀ ਖਰੀਦ ਸ਼ੁਰੂ
ਕਿਸਾਨ ਯੂਨੀਅਨ ਖੋਸਾ ਦੇ ਦਬਾਅ ਹੇਠ ਕਣਕ ਦੀ ਖਰੀਦ ਸ਼ੁਰੂ
Publish Date: Fri, 17 Apr 2026 08:52 PM (IST)
Updated Date: Sat, 18 Apr 2026 04:15 AM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਮੰਡੀਆਂ ਵਿੱਚ ਲੱਗੇ ਕਣਕ ਦੇ ਅੰਬਾਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੇ ਹਨ। ਸ਼ੁਤਰਾਣਾ ਦੇ ਖਰੀਦ ਕੇਂਦਰ ਵਿਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਸ਼ੁੱਕਰਵਾਰ ਨੂੰ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਨ ਦੇ ਦਬਾਅ ਦੇ ਚਲਦਿਆਂ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ। ਵੱਡੀ ਗਿਣਤੀ ’ਚ ਇਕੱਤਰ ਕਿਸਾਨਾਂ ਸਮੇਤ ਅਨਾਜ ਮੰਡੀ ਸ਼ੁਤਰਾਨਾ ਪੁੱਜੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਸ਼ੇਰਗੜ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ਼ ਅਖਬਾਰੀ ਬਿਆਨਾਂ ਵਿਚ ਇਕ ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦੀ ਬਿਆਨਬਾਜ਼ੀ ਕਰ ਰਹੀ ਹੈ ਪਰ ਹਲਕੇ ਦੀ ਕਿਸੇ ਮੰਡੀ ਵਿੱਚ ਇਕ ਥੈਲਾ ਵੀ ਨਹੀਂ ਭਰਿਆ ਗਿਆ ਸਗੋਂ ਵਿਧਾਇਕ ਅਤੇ ਆਪ ਵਰਕਰ ਮੰਡੀਆਂ ਵਿੱਚ ਖਰੀਦ ਸ਼ੁਰੂ ਕਰਨ ਦਾ ਐਲਾਨ ਕਰਕੇ ਤੁਰਦੇ ਬਣਦੇ ਹਨ ਅਤੇ ਆੜ੍ਹ੍ਤੀਆਂ ਵੱਲੋਂ ਵੰਡੇ ਲੱਡੂਆਂ ਦਾ ਮੁੱਲ ਵੀ ਨਹੀਂ ਮੁੜਦਾ। ਕਿਸਾਨ ਮੰਡੀਆਂ ਵਿੱਚ ਪਿਛਲੇ ਦੋ ਹਫ਼ਤਿਆਂ ਤੋਂ ਰੁੱਲ ਰਿਹਾ ਹੈ ਜਦਕਿ ਹਰਿਆਣਾ ਵਿੱਚ ਨਿਰੰਤਰ ਖਰੀਦ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਜੇਕਰ ਕਣਕ ਦੀ ਖਰੀਦ ਸ਼ੁਰੂ ਨਹੀਂ ਹੁੰਦੀ ਤਾਂ ਯੂਨੀਅਨ ਵੱਲੋਂ ਪੰਜਾਬ ਪੱਧਰ ਤੇ ਰੋਸ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਵੱਲੋਂ ਖ਼ਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ। ਇਸ ਮੌਕੇ ਇੰਸਪੈਕਟਰ ਰਵਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਖਰੀਦ ਨਾ ਹੋਣ ਦੀ ਸਮੱਸਿਆ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਕਣਕ ਦੇ ਰੰਗ ਦੀ ਗੁਣਵੱਤਾ ਅਤੇ ਦਾਣਾ ਮਾਜੂ ਪੈਣ ਕਾਰਨ ਆਈ ਹੈ। ਕੇਂਦਰੀ ਕਣਕ ਖਰੀਦ ਮਾਪਦੰਡ ਵਿਚ ਢਿੱਲ ਦੇਣ ਲਈ ਪੰਜਾਬ ਸਰਕਾਰ ਵੱਲੋਂ ਸੈਂਪਲ ਭੇਜੇ ਗਏ ਹਨ। ਉਮੀਦ ਹੈ ਕਿ ਕੱਲ੍ਹ ਤੱਕ ਕੇਂਦਰ ਤੋਂ ਮਨਜ਼ੂਰੀ ਮਿਲਣ ਉਪਰੰਤ ਸਭ ਕੁਝ ਆਮ ਵਾਂਗ ਹੋ ਜਾਵੇਗਾ ਤੇ ਸਰਕਾਰ ਕਿਸਾਨਾਂ ਦਾ ਦਾਣਾ ਦਾਣਾ ਖਰੀਦਣ ਲਈ ਤਿਆਰ ਹੈ। ਇਸ ਮੌਕੇ ਕਿਸਾਨ ਯੂਨੀਅਨ ਖੋਸਾ ਦੇ ਜਿਲਾ ਪ੍ਰੈੱਸ ਸਕੱਤਰ ਯੁਵਰਾਜ ਸਿੰਘ ਬਾਠ,ਬਲਾਕ ਪ੍ਰਧਾਨ ਮਾਸਟਰ ਜੋਗਿੰਦਰ ਸਿੰਘ ਸ਼ਤਰਾਣਾ ਇਕਾਈ ਪ੍ਰਧਾਨ ਸੁਖਵਿੰਦਰ ਸਿੰਘ, ਇਕਾਈ ਸ਼ੁਤਰਾਣਾ ਪ੍ਰਧਾਨ ਕੁਲਵਿੰਦਰ ਸਿੰਘ, ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਲੰਧਰ ਸਿੰਘ, ਸੰਤੋਖ ਸਿੰਘ, ਸਲਵਿੰਦਰ ਸਿੰਘ ਤੇ ਲੱਖਾ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਸਾਬਕਾ ਸਰਪੰਚ ਵਧਾਵਾ ਸਿੰਘ, ਸਤਨਾਮ ਸਿੰਘ ਵੀ ਹਾਜ਼ਰ ਸਨ।