- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਹਰਿਆਊ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਸੂਬਾ ਅਤੇ ਰਾਸ਼ਟਰੀ ਪ੍ਰਧਾਨ ਡਾ. ਦਰਸ਼ਨ ਪਾਲ ਹਾਜ਼ਰ ਹੋਏ। ਮੀਟਿੰਗ ਦੌਰਾਨ ਸੰਯੁਕਤ ਕਿਸਾਨ ਮੋਰਚਾ ਅਤੇ ਕੌਮੀ ਇਨਸਾਫ ਮੋਰਚਾ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਚੰਡੀਗੜ੍ਹ–ਮੋਹਾਲੀ ਬਾਰਡਰ ’ਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਨੂੰ 7 ਜਨਵਰੀ ਨੂੰ ਤਿੰਨ ਸਾਲ ਪੂਰੇ ਹੋ ਰਹੇ ਹਨ। ਇਸ ਮੌਕੇ 7 ਜਨਵਰੀ ਨੂੰ ਚੰਡੀਗੜ੍ਹ–ਮੋਹਾਲੀ ਬਾਰਡਰ ’ਤੇ ਇਕ ਵੱਡਾ ਇਕੱਠ ਕੀਤਾ ਜਾਵੇਗਾ ਤੇ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਜਾਣਗੇ। ਉਨ੍ਹਾਂ ਨੇ ਬਲਾਕ ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਖ਼ਜ਼ਾਨਚੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਜਥਿਆਂ ਸਮੇਤ 7 ਜਨਵਰੀ ਦੇ ਇਸ ਵੱਡੇ ਇਕੱਠ ਵਿਚ ਸ਼ਾਮਲ ਹੋਣ। ਇਸ ਮੌਕੇ ਬਲਾਕ ਆਗੂਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਪਟਿਆਲਾ ਜ਼ਿਲ੍ਹੇ ਵੱਲੋਂ ਵੱਡੇ ਜਥਿਆਂ ਨਾਲ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਹਰਿਆਊ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 16 ਜਨਵਰੀ ਨੂੰ ਪੂਰੇ ਦੇਸ਼ ਦੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਡੀਸੀ ਦਫ਼ਤਰਾਂ ਦੇ ਸਾਹਮਣੇ ਧਰਨੇ ਲਗਾ ਕੇ ਮੰਗ ਪੱਤਰ ਸੌਂਪੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੀ ਤਿਆਰੀ ਅਤੇ ਪਟਿਆਲਾ ਜ਼ਿਲ੍ਹੇ ਵਿਚ ਇਸ ਨੂੰ ਸਫਲ ਬਣਾਉਣ ਲਈ 10 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਪਟਿਆਲਾ ਜ਼ਿਲ੍ਹੇ ਦੀ ਇਕ ਸਾਂਝੀ ਬੈਠਕ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 12 ਜਨਵਰੀ, ਲੋਹੜੀ ਤੋਂ ਇੱਕ ਦਿਨ ਪਹਿਲਾਂ ਹੈ, ਉਸ ਦਿਨ ਕੌਮੀ ਇਨਸਾਫ ਮੋਰਚੇ ਦੇ ਪਹਿਲਾਂ ਤੋਂ ਹੋਏ ਫੈਸਲੇ ਅਨੁਸਾਰ ਪੂਰੇ ਪੰਜਾਬ ਵਿੱਚ ਟੋਲ ਪਲਾਜ਼ੇ 12 ਬਜੇ ਤੋਂ ਤਿੰਨ ਵਜੇ ਤਕ ਖੋਲੇ ਜਾਣਗੇ । ਪਟਿਆਲਾ ਜ਼ਿਲ੍ਹੇ ਵਿਚ ਰਾਜਪੁਰਾ ਰੋਡ ਧਰੇੜੀ ਜੱਟਾਂ ਤੇ ਅਤੇ ਅਤੇ ਖਨੌਰੀ ਰੋਡ ਪਾਤੜਾਂ ਤੇ ਅਤੇ ਸ਼ੰਭੂ ਟੋਲ ਪਲਾਜ਼ਾ ਵੀ ਖੋਲ੍ਹਿਆ ਜਾਏਗਾ। ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਹਰਿਆਊ ਨੇ ਇਹ ਵੀ ਦੱਸਿਆ ਕਿ ਕੌਮੀ ਇਨਸਾਫ ਮੋਰਚਾ ਵੱਲੋਂ ਪਹਿਲਾਂ ਤੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ 26 ਜਨਵਰੀ ਨੂੰ ਬੀਜੇਪੀ ਦੇ ਦਫ਼ਤਰਾਂ ਅਤੇ ਬੀਜੇਪੀ ਲੀਡਰਾਂ/ ਨੇਤਾਵਾਂ ਦੇ ਦਫ਼ਤਰਾਂ ਅੱਗੇ ਇੱਕ ਦਿਨ ਦੇ ਰੋਸ ਧਰਨੇ ਲਾਏ ਜਾਣਗੇ।