ਕੇਂਦਰ ਦੀ ਮੋਦੀ ਸਰਕਾਰ ਟਰੰਪ ਦੀ ਤਾਨਾਸ਼ਾਹੀ ਅੱਗੇ ਗੋਡਿਆਂ ਭਾਰ ਹੋ ਗਈ ਹੈ: ਘਨੁੜਕੀ
ਕੇਂਦਰ ਦੀ ਮੋਦੀ ਸਰਕਾਰ ਟਰੰਪ ਦੀ ਤਾਨਾਸ਼ਾਹੀ ਅੱਗੇ ਗੋਡਿਆਂ ਭਾਰ ਹੋ ਗਈ ਹੈ: ਘਨੁੜਕੀ
Publish Date: Thu, 05 Mar 2026 04:58 PM (IST)
Updated Date: Thu, 05 Mar 2026 04:59 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ ਨਾਭਾ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਨਾਭਾ ਦੀ ਮੀਟਿੰਗ ਗੁਰਦੁਆਰਾ ਭਗਤ ਧੰਨਾ ਜੀ ਨਵੀਂ ਅਨਾਜ ਮੰਡੀ ਨਾਭਾ ਵਿੱਚ ਬਲਾਕ ਦੇ ਪ੍ਰਧਾਨ ਅੱਛਰ ਸਿੰਘ ਭੋਜੋ ਮਾਜਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਅਵਤਾਰ ਸਿੰਘ ਕੈਦੂਪੁਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਮਰੀਕਾ ਦੇ ਭਾਰਤ ਨਾਲ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿੱਚ 10 ਮਾਰਚ ਨੂੰ ਰੱਖੀ ਗਈ ਬਰਨਾਲਾ ਰੈਲੀ ਵਿੱਚ ਸ਼ਾਮਿਲ ਹੋਣ ਲਈ, ਨਾਭੇ ਤੋਂ ਵੱਡਾ ਕਾਫਲਾ 10 ਮਾਰਚ ਨੂੰ ਸਵੇਰੇ ਰਵਾਨਾ ਹੋਵੇਗਾ। ਹਰਦੀਪ ਸਿੰਘ ਘਨੁੜਕੀ ਅਤੇ ਸੂਬਾ ਸਕੱਤਰ ਘੁੰਮਣ ਸਿੰਘ ਰਾਜਗੜ੍ਹ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਟਰੰਪ ਦੀ ਤਾਨਾਸ਼ਾਹੀ ਅੱਗੇ ਗੋਡਿਆਂ ਭਾਰ ਹੋ ਗਈ ਹੈ। ਜੇਕਰ ਇਹ ਸਮਝੌਤਾ ਸਿਰੇ ਚੜ੍ਹ ਜਾਂਦਾ ਹੈ ਤਾਂ ਕਿਸਾਨਾਂ ਦੀ ਤਬਾਹੀ ਤੈਅ ਹੈ ਕਿਉਂਕਿ ਅਮਰੀਕਾ ਦੀ ਸਰਕਾਰ ਆਪਣੇ ਕਿਸਾਨਾਂ ਨੂੰ ਬਹੁਤ ਵੱਡੀ ਮਾਤਰਾ ਵਿੱਚ ਸਬਸਿਡੀਆਂ ਦਿੰਦੀ ਹੈ ਉਥੋਂ ਦੇ ਕਿਸਾਨ ਕੋਲ ਜ਼ਮੀਨ ਦੀ ਮਾਲਕੀ ਵੀ ਹਜ਼ਾਰਾਂ ਏਕੜ ਵਿੱਚ ਹੈ ਇਸ ਕਰਕੇ ਉਹ ਆਪਣੀ ਫਸਲ ਸਸਤੇ ਰੇਟਾਂ ਤੇ ਵੇਚਣਗੇ ਅਤੇ ਇਥੋਂ ਦਾ ਕਿਸਾਨ ਘੱਟ ਜ਼ਮੀਨ ਦਾ ਮਾਲਕ ਹੋਣ ਕਰਕੇ ਅਤੇ ਨੈਗੇਟਿਵ ਸਬਸਿਡੀ ਹੋਣ ਕਰਕੇ ਮੁਕਾਬਲਾ ਨਹੀਂ ਕਰ ਸਕੇਗਾ। ਹਰਦੀਪ ਸਿੰਘ ਘਨੁੜਕੀ ਨੇ ਦੱਸਿਆ ਕਿ 17 ਮਾਰਚ ਨੂੰ ਪੰਜਾਬ ਦੇ ਖ਼ਤਮ ਅਤੇ ਪ੍ਰਦੂਸ਼ਿਤ ਕੀਤੇ ਜਾ ਰਹੇ ਪਾਣੀ ਦੇ ਸੰਬੰਧ ਵਿੱਚ ਜੱਥੇਬੰਦੀ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਸੈਮੀਨਾਰ ਕੀਤਾ ਜਾ ਰਿਹਾ ਹੈ ਜਿੱਥੇ ਪਾਣੀਆਂ ਦੇ ਮਾਹਰ ਵਰਕਰਾਂ ਨੂੰ ਪਾਣੀਆਂ ਦੀ ਹੋ ਰਹੀ ਬਰਬਾਦੀ ਬਾਰੇ ਐਜੂਕੇਟ ਕਰਨਗੇ ਤਾਂ ਜੋ ਇਹ ਵਰਕਰ ਪਿੰਡਾਂ ਚ ਜਾ ਕੇ ਆਮ ਲੋਕਾਂ ਨੂੰ ਲਾਮਬੰਦ ਕਰ ਸਕਣ। ਇਸ ਤੋਂ ਇਲਾਵਾ ਮੀਟਿੰਗ ਨੂੰ ਪਰਵਿੰਦਰ ਸਿੰਘ ਬਨੇਰਾ, ਗੁਰਮੇਲ ਸਿੰਘ ਪੂਣੀਵਾਲ, ਲਾਭ ਸਿੰਘ ਦਿੱਤੂਪੁਰ, ਹਰਿੰਦਰਜੀਤ ਸਿੰਘ ਲੁਬਾਣਾ ਅਤੇ ਧਰਮਪਾਲ ਸਿੰਘ ਬਨੇਰਾ ਨੇ ਵੀ ਸੰਬੋਧਨ ਕੀਤਾ।