ਸੰਯੁਕਤ ਕਿਸਾਨ ਮੋਰਚੇ ਵੱਲੋਂ 10 ਨੂੰ ਬਰਨਾਲਾ ’ਚ ਹੋਵੇਗੀ ਰੈਲੀ : ਬੂਟਾ ਸ਼ਾਦੀਪੁਰ
ਸੰਯੁਕਤ ਕਿਸਾਨ ਮੋਰਚੇ ਵੱਲੋਂ 10 ਮਾਰਚ ਨੂੰ ਬਰਨਾਲਾ ਵਿਖੇ ਹੋਵੇਗੀ ਅਹਿਮ ਰੈਲੀ: ਬੂਟਾ ਸ਼ਾਦੀਪੁਰ
Publish Date: Sat, 28 Feb 2026 06:35 PM (IST)
Updated Date: Sat, 28 Feb 2026 06:37 PM (IST)
ਜੀਐੱਸ ਮਹਿਰੋਕ, ਪੰਜਾਬੀ ਜਾਗਰਣ
ਦੇਵੀਗਡ਼ : ਭਾਰਤੀ ਕਸਿਾਨ ਯੂਨੀਅਨ ਸ਼ਾਦੀਪੁਰ ਦੀ ਭਰਵੀਂ ਮੀਟਿੰਗ ਪਿੰਡ ਮਾੜੂ ਵਿਖੇ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਵਿਖੇ ਬਲਵੀਰ ਸਿੰਘ ਸਾਬਕਾ ਸਰਪੰਚ ਤੇ ਰਣਜੋਤ ਸਿੰਘ ਜੋਧਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਥੇਬੰਦੀ ਦੇ ਪ੍ਰਧਾਨ ਤੇ ਐੱਸਕੇਐੱਮ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਤਸਵੀਰ ਸਿੰਘ ਨੰਬਰਦਾਰ ਬੀਕੇਯੂ ਸ਼ਾਦੀਪੁਰ, ਸ਼ਬੇਗ ਸਿੰਘ, ਕਾਲਾ ਮੁਨੀਮ ਆਦਿ ਨਾਲ ਮੌਜੂਦ ਸਨ। ਇਸ ਮੌਕੇ ਸ਼ਾਦੀਪੁਰ ਨੇ ਕਿਹਾ ਕਿ ਜੋ ਸਮਝੌਤਾ ਟਰੰਪ ਸਰਕਾਰ ਨਾਲ ਭਾਰਤ ਸਰਕਾਰ ਕਰ ਰਹੀ ਹੈ, ਇਸ ਨਾਲ ਆਉਣ ਵਾਲੇ ਸਮੇਂ ’ਚ ਖੇਤੀਬਾੜੀ ਨਾਲ ਸਬੰਧਿਤ ਸਾਰੇ ਧੰਦੇ ਤਬਾਹ ਹੋ ਜਾਣਗੇ ਤੇ ਉਸ ਤਬਾਹੀ ਤੋਂ ਬਚਣ ਵਾਸਤੇ ਸਾਨੂੰ ਸਾਰਿਆਂ ਨੂੰ ਇੱਕਜੁਟ ਹੋਣ ਦੀ ਲੋੜ ਹੈ ਤੇ ਇੱਕਜੁਟ ਹੋ ਕੇ ਹੀ ਅਸੀਂ ਆਪਣੀ ਫਸਲ, ਨਸਲ ਤੇ ਜਾਇਦਾਦ ਨੂੰ ਬਚਾ ਸਕਦੇ ਹਾਂ। ਭਾਜਪਾ ਵੱਲੋਂ 2014 ਵਾਲੀ ਇਲੈਕਸ਼ਨ ਮੈਨੀਫੈਸਟੋ ’ਚ ਕਰਜ਼ਾ ਮੁਕਤੀ ਦਾ ਵਾਅਦਾ ਕੀਤਾ, ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ, ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇਗਾ ਤੇ ਹਰ ਇੱਕ ਵਰਗ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ ਪਰ ਹੋਇਆ ਕੁਝ ਵੀ ਨਹੀਂ। ਇਸ ਦੇ ਉਲਟ ਅਮਰੀਕਾ ਸਰਕਾਰ ਨਾਲ ਸਮਝੌਤਾ ਕਰ ਕੇ ਸਾਰੇ ਧੰਦਿਆਂ ਨੂੰ ਤਬਾਹ ਕਰਨ ’ਤੇ ਕੇਂਦਰ ਸਰਕਾਰ ਤੁਲੀ ਹੋਈ ਹੈ, ਜੋ ਹਿੰਦੁਸਤਾਨ ਦੇ ਲੋਕ ਬਿਲਕੁਲ ਵੀ ਨਹੀਂ ਹੋਣ ਦੇਣਗੇ। ਸਮਝੌਤੇ ਦੇ ਵਿਰੋਧ ਵਿੱਚ ਐੱਸਕੇਐੱਮ ਵੱਲੋਂ 10 ਮਾਰਚ ਨੂੰ ਬਰਨਾਲਾ ਵਿਖੇ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ’ਚ ਸਾਰੇ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਬੂਟਾ ਸਿੰਘ ਸ਼ਾਦੀਪੁਰ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਵੀ ਜੋ ਵਾਅਦੇ ਕੀਤੇ ਸਨ ਚਾਰ ਸਾਲ ਬੀਤ ਜਾਣ ਤੇ ਵੀ ਹਾਲੇ ਤਕ ਕੋਈ ਵਾਅਦਾ ਪੂਰਾ ਨਹੀਂ ਹੋਇਆ, ਚਾਹੇ ਉਹ ਹਜ਼ਾਰ ਰੁਪਏ ਬੀਬੀਆਂ ਵਾਲਾ ਹੋਵੇ ਚਾਹੇ ਸ਼ਗਨ ਸਕੀਮ। ਇਸ ਮੌਕੇ ਪਿੰਡ ਮਾੜੂ ਦੀ 21 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਜਗਦੀਪ ਸਿੰਘ ਜੱਗਾ ਨੂੰ ਪ੍ਰਧਾਨ ਅਤੇ ਅਰਸ਼ਦੀਪ ਸਿੰਘ ਅਰਸ਼ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਬਾਕੀ ਸਾਰੀ ਕਮੇਟੀ ਬਣਾਉਣ ਦੇ ਅਧਿਕਾਰ ਵੀ ਦਿੱਤੇ ਗਏ। ਇਸ ਮੌਕੇ ਟਹਿਲ ਸਿੰਘ, ਬਲਵੀਰ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਜੋਧਾ, ਭੁਪਿੰਦਰ ਸਿੰਘ ਭਿੰਦਾ, ਨਿਸ਼ਾਨ ਸਿੰਘ, ਬਲਿਹਾਰ ਸਿੰਘ, ਸ਼ੇਰ ਸਿੰਘ, ਸੋਨੂ ਟਿਵਾਣਾ, ਮਲਕੀਤ ਸਿੰਘ, ਨਿਧਾਨ ਸਿੰਘ ਤੇ ਗੁਰਲਾਲ ਸਿੰਘ, ਮਨਿੰਦਰ ਸਿੰਘ, ਗੁਰਕੀਰਤ ਸਿੰਘ ਆਦਿ ਮੌਜੂਦ ਸਨ।