ਦੇਵੀਗਡ਼੍ਹ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ
ਮੋਦੀ ਸਰਕਾਰ ਵੱਲੋਂ ਅਮਰੀਕਾ ਦੀ ਟਰੰਪ ਸਰਕਾਰ ਨਾਲ ਕੀਤੇ ਗਏ ਕਿਸਾਨੀ ਸਮਝੌਤੇ ਨੂੰ ਤੁਰੰਤ ਰੱਦ ਕੀਤਾ ਜਾਵੇ: ਕਿਸਾਨ ਆਗੂ
Publish Date: Thu, 12 Feb 2026 04:18 PM (IST)
Updated Date: Thu, 12 Feb 2026 04:20 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਸੰਗਠਨਾਂ ਨੇ ਅੱਜ ਦੇਵੀਗਡ਼੍ਹ ਵਿਖੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਇਹ ਪ੍ਰਦਰਸ਼ਨ ਮੁੱਖ ਤੌਰ ’ਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਨੀਤੀਆਂ ਤੇ ਵੱਖ-ਵੱਖ ਕਾਨੂੰਨਾਂ ਦੇ ਵਿਰੋਧ ਵਿਚ ਕੀਤਾ ਗਿਆ। ਮੁਜ਼ਾਹਰੇ ਵਿਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਨੇ ਅਗਵਾਈ ਕੀਤੀ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਵੱਲੋਂ ਅਮਰੀਕਾ ਦੀ ਟਰੰਪ ਸਰਕਾਰ ਨਾਲ ਕੀਤੇ ਗਏ ਕਿਸਾਨੀ ਸਮਝੌਤੇ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਮਝੌਤਾ ਭਾਰਤੀ ਕਿਸਾਨਾਂ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾਵੇਗਾ ਅਤੇ ਵਿਦੇਸ਼ੀ ਉਤਪਾਦਾਂ ਨੂੰ ਸਸਤੇ ਦਰਾਂ ’ਤੇ ਆਉਣ ਦੇਵੇਗਾ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਨੇ ਨਵੇਂ ਬਿਜਲੀ ਬਿੱਲ ਨੂੰ ਰੱਦ ਕਰਨ ਅਤੇ ਚਾਰ ਲੇਬਰ ਕੋਡਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਕਾਨੂੰਨ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਨੂੰ ਖਤਮ ਕਰਦੇ ਹਨ ਅਤੇ ਵੱਡੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਂਦੇ ਹਨ। ਇਹ ਮੁਜ਼ਾਹਰਾ ਕਾਲੇ ਕਾਨੂੰਨਾਂ ਵਿਰੁੱਧ ਵੀ ਸੀ, ਜਿਨ੍ਹਾਂ ਦਾ ਪਹਿਲਾਂ ਵੀ ਕਿਸਾਨਾਂ ਨੇ ਵਿਰੋਧ ਕੀਤਾ ਸੀ। ਮੌਕੇ ’ਤੇ ਪ੍ਰਦਰਸ਼ਨਕਾਰੀਆਂ ਨੇ ਨਰਿੰਦਰ ਮੋਦੀ, ਡੋਨਾਲਡ ਟਰੰਪ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਤਲੇ ਫੂਕੇ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਕੇ ਆਪਣੇ ਗੁੱਸੇ ਨੂੰ ਜ਼ਾਹਰ ਕੀਤਾ ਅਤੇ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਭਵਿੱਖ ਵਿਚ ਹੋਰ ਪ੍ਰਦਰਸ਼ਨਾਂ ਦੀ ਯੋਜਨਾ ਵੀ ਜ਼ਾਹਰ ਕੀਤੀ ਹੈ। ਇਸ ਮੌਕੇ ਬੂਟਾ ਸਿੰਘ ਸ਼ਾਦੀਪੁਰ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ, ਸੁਖਵਿੰਦਰ ਸਿੰਘ ਲਾਲੀ ਬਲਾਕ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੁਨੀਅਨ ਬੁੱਟਰ, ਜਸਵੀਰ ਸਿੰਘ ਖੇਡ਼ੀ ਰਾਜ ਸਿੰਘ, ਲਾਭ ਸਿੰਘ ਬੀਬੀਪੁਰ, ਜਰਨੈਲ ਸਿੰਘ ਔਲਖ ਸੂਬਾ ਪ੍ਰਧਾਨ, ਪ੍ਰਕਾਸ਼ ਸਿੰਘ ਅਕੌਤ, ਨਰਿੰਦਰ ਸਿੰਘ ਸਰਪੰਚ, ਕਰਨੈਲ ਸਿੰਘ ਭੱਟਮਾਜਰਾ, ਗੁਰਨਾਮ ਸਿੰਘ ਪ੍ਰਧਾਨ ਅਤੇ ਕੁਲਵੰਤ ਸਿੰਘ ਸਫੇਡ਼ਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਗਰੂਪ ਸਿੰਘ ਤੇਜ਼ਾ, ਸ਼ਮਸ਼ੇਰ ਸਿੰਘ, ਗੁਰਵਿੰਦਰ ਸਿੰਘ, ਬਲਜੀਤ ਸਿੰਘ ਅਤੇ ਰਜਿੰਦਰ ਸਿੰਘ ਮਹਿਮੂਦਪੁਰ ਆਦਿ ਵੀ ਹਾਜ਼ਰ ਸਨ।