ਸਡ਼ਕ ਦੀ ਮੁਰੰਮਤ ਸਬੰਧੀ ਧਰਨੇ ਦੇ ਐਲਾਨ ਤੋਂ ਬਾਅਦ ਮਹਿਕਮੇਂ ਨੇ ਪੱਥਰ ਦੇ ਟਰੱਕ ਭੇਜੇ
ਭੁਨਰਹੇਡ਼ੀ ਤੋਂ ਘਡ਼ਾਮ ਸਡ਼ਕ ਦੀ ਮੁਰੰਮਤ ਨੂੰ ਲੈ ਕੇ ਦਿੱਤੇ ਧਰਨੇ ਦੇ ਐਲਾਨ ਤੋਂ ਬਾਅਦ ਮਹਿਕਮੇਂ ਨੇ ਪੱਥਰ ਦੇ ਟਰੱਕ ਭੇਜੇ
Publish Date: Sun, 18 Jan 2026 05:48 PM (IST)
Updated Date: Mon, 19 Jan 2026 04:09 AM (IST)
ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਬੁੱਟਰ ਦੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਭੁਨਰਹੇਡ਼ੀ ਤੋਂ ਘਡ਼ਾਮ ਤੱਕ ਸਡ਼ਕ ਦੇ ਨਵੀਨੀਕਰਨ ਦੇ ਸੰਬੰਧ ਵਿਚ ਜੋ ਭੁੰਨਰਹੇਡ਼ੀ ਵਿਖੇ ਧਰਨਾ ਲਾਉਣ ਦਾ ਐਲਾਨ ਕੀਤਾ ਗਿਆ ਸੀ ਤੇ ਪ੍ਰਸ਼ਾਸਨ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਸੀ, ਜਿਸ ਤੇ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਨੂੰ ਅਮਲ ’ਚ ਲਿਆਉਂਦਿਆਂ ਪੰਜਾਬ ਮੰਡੀ ਬੋਰਡ ਦੇ ਜੇ.ਈ. ਨੇ ਇਸ ਸਡ਼ਕ ਨੂੰ ਬਣਾਉਣ ਦਾ ਵਿਸ਼ਵਾਸ਼ ਦੁਆਇਆ ਸੀ ਕਿ ਜਲਦੀ ਹੀ ਇਸ ਸਡ਼ਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ, ਜਿਸ ਤਹਿਤ ਅੱਜ ਪ੍ਰਸ਼ਾਸਨ ਵੱਲੋਂ ਇਸ ਸਡ਼ਕ ਤੇ ਪੱਥਰ ਦੇ ਟਰੱਕ ਭੇਜ ਦਿੱਤੇ ਗਏ ਹਨ।
ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਲਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੁਨਰਹੇਡ਼ੀ ਤੋਂ ਘਡ਼ਾਮ ਵਾਇਆ ਸ਼ਾਦੀਪੁਰ, ਮਹਿਮੂਦਪੁਰ ਤੱਕ ਦੀ ਸਡ਼ਕ ਜੋ 2023 ਵਿੱਚ ਆਏ ਹਡ਼ਾਂ ਕਾਰਨ ਟੁੱਟ ਗਈ ਸੀ, ਜਿਸ ਦੀ ਪ੍ਰਸ਼ਾਸਨ ਦੁਆਰਾ ਅਜੇ ਤੱਕ ਸਾਰ ਨਹੀਂ ਲਈ ਗਈ ਸੀ। ਇਸ ਸਡ਼ਕ ਨੂੰ ਬਣਾਉਣ ਲਈ ਇਲਾਕੇ ਦੇ ਪਿੰਡਾਂ ਦੀ ਮੰਗ ਤੇ 30 ਸਤੰਬਰ 2025 ਨੂੰ ਪਟਿਆਲਾ ਪਹੇਵਾ ਮਾਰਗ ਤੇ ਭੁਨਰਹੇਡ਼ੀ ਵਿਖੇ ਧਰਨਾ ਲਾ ਕੇ ਜਾਮ ਵੀ ਲਾਇਆ ਗਿਆ ਸੀ, ਜਿਸ ਦੌਰਾਨ ਤਹਿਸੀਲਦਾਰ ਪਟਿਆਲਾ ਅਰਮਾਨ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਵਿਸ਼ਵਾਸ਼ ਦੁਆਇਆ ਸੀ ਕਿ ਇਸ ਸਡ਼ਕ ਦਾ ਕੰਮ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ ਪਰ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਝੂਠੇ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਟੁੱਟੀ ਸਡ਼ਕ ਕਾਰਨ ਹੋਏ ਹਾਦਸੇ ਦੌਰਾਨ ਇਕ ਵਿਦਿਆਰਥਣ ਦੀ ਬਾਂਹ ਟੁੱਟ ਗਈ ਸੀ, ਉਹਨਾਂ ਕਿਹਾ ਕਿ ਇੰਝ ਲਗਦਾ ਹੈ ਕਿ ਸਬੰਧਤ ਮਹਿਕਮਾ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੋਵੇ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਦੀ ਲਾਪ੍ਰਵਾਹੀ ਨੂੰ ਦੇਖਦਿਆਂ ਯੂਨੀਅਨ ਵੱਲੋਂ 15 ਜਨਵਰੀ ਨੂੰ ਮੁਡ਼ ਧਰਨਾ ਲਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਪ੍ਰਸ਼ਾਸ਼ਨ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਸੀ। ਇਸ ਧਰਨੇ ਨੂੰ ਦੇਖਦਿਆਂ ਮੰਡੀ ਬੋਰਡ ਦੇ ਜੇ.ਈ. ਨੇ ਆ ਕੇ ਕਿਸਾਨਾਂ ਨੂੰ ਵਿਸ਼ਵਾਸ਼ ਦਵਾਇਆ ਸੀ ਕਿ ਤੁਸੀਂ ਧਰਨਾ ਨਾ ਲਾਵੋ ਇਸ ਸਡ਼ਕ ਦਾ ਕੰਮ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ, ਜਿਸ ਤਹਿਤ ਬੀਤੇ ਦਿਨ ਸਬੰਧਤ ਮਹਿਕਮੇ ਵੱਲੋਂ ਰੋਡ਼ੇ ਦੇ ਟਰੱਕ ਭੇਜੇ ਗਏ ਹਨ ਜਿਸ ਕਰਕੇ ਯੂਨੀਅਨ ਨੇ ਫਿਲਹਾਲ ਇਸ ਧਰਨੇ ਨੂੰ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਵੱਲੋਂ ਸਡ਼ਕ ਦੇ ਨਵੀਨੀਕਰਨ ਦੇ ਕੰਮ ’ਚ ਢਿੱਲ ਵਰਤਾਂ ਤਾਂ ਮੁਡ਼ ਧਰਨਾ ਲਾਉਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।